ਰਸੀਦਾਂ ਨਾ ਦੇਣ ਦੇ ਵਿਰੋਧ ’ਚ ਕੀਤਾ ਰੋਸ-ਪ੍ਰਦਰਸ਼ਨ

12/17/2018 2:16:11 AM

ਕਲਾਨੌਰ,   (ਮਨਮੋਹਨ)-  ਸਰੱਹਦੀ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਬਖਤਪੁਰ ਤੇ ਨਡ਼ਾਂਵਾਲੀ ਤੋਂ ਪੰਚਾਇਤੀ ਚੋਣਾਂ ਲਡ਼ਣ ਦੇ ਚਾਹਵਾਣ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਪਾਰਟੀ ਉਮੀਦਵਾਰਾਂ ਵੱਲੋਂ ਪੰਚਾਇਤ ਸਕੱਤਰਾਂ ’ਤੇ ਚੁੱਲ੍ਹਾ ਰਸੀਦਾਂ ਨਾ ਦੇਣ ’ਤੇ ਖੱਜਲ-ਖਰਾਬ ਕਰਨ ਦੇ ਦੋਸ਼ ਲਾਉਂਦੇ ਹੋਏ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਪਾਰਟੀ ਦੇ ਇਲਾਕਾ ਸਕੱਤਰ ਕਾਮਰੇਡ ਅਸ਼ਵਨੀ ਸ਼ਰਮਾ ਦੀ ਰਹਿਨੁਮਾਈ ਹੇਠ ਬੀ. ਡੀ. ਪੀ .ਓ. ਦਫਤਰ ਕਲਾਨੌਰ ਵਿਖੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ-ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਮਰੇਡ ਅਸ਼ਵਨੀ ਸ਼ਰਮਾ ਦੀ ਹਾਜ਼ਰੀ ’ਚ ਪਿੰਡ ਬਖਤਪੁਰ ਤੇ ਨਡ਼ਾਂਵਾਲੀ ਦੇ ਗੁਰਜਿੰਦਰ ਸਿੰਘ, ਮਨਜੀਤ ਸਿੰਘ, ਰਮਨ ਕੁਮਾਰ, ਬਲਬੀਰ ਸਿੰਘ, ਚੰਨਨ ਸਿੰਘ, ਕੁਲਵੰਤ ਸਿੰਘ ਤੇ ਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਹੋਏ ਨੋਟੀਫਿਕੇਸ਼ਨ ਤਹਿਤ 15 ਦਸੰਬਰ ਤੋਂ 19 ਦਸੰਬਰ ਤੱਕ ਸਰਪੰਚੀ ਤੇ ਮੈਂਬਰੀ ਲਈ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ ਪਰ ਸਬੰਧਤ ਸਰਕਾਰੀ ਦਫਤਰਾਂ ’ਚ ਪੰਚਾਇਤੀ ਡਾਇਰੈਕਟਰ ਚੰਡੀਗਡ਼੍ਹ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਪਿੰਡਾਂ ਦੇ ਪੰਚਾਇਤ ਸਕੱਤਰ ਵੀ ਸਾਨੂੰ ਚੁੱਲ੍ਹਾ ਰਸੀਦਾਂ ਨਹੀਂ ਦੇ ਰਹੇ ਤੇ ਖੱਜਲ-ਖਰਾਬ ਕਰ ਰਹੇ ਹਨ। ਉਨ੍ਹਾਂ ਨੇ ਪੰਚਾਇਤ ਡਾਇਰੈਕਟਰ ਚੰਡੀਗਡ਼੍ਹ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਕੀਤੀ ਹੈ ਕਿ ਪੰਚਾਇਤੀ ਚੋਣਾਂ ’ਚ ਸਿਆਸੀ ਦਖਲ ਬੰਦ ਕੀਤਾ ਜਾਵੇ ਤੇ ਚੁੱਲ੍ਹਾ ਰਸੀਦਾਂ ਨਾ ਦੇਣ ਵਾਲੇ ਪੰਚਾਇਤ ਸਕੱਤਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅੰਤ ’ਚ ਉਨ੍ਹਾਂ ਕਿਹਾ ਕਿ ਸੱਤਾ ’ਤੇ ਕਾਬਜ਼ ਪਾਰਟੀ ਵੱਲੋਂ ਪੰਚਾਇਤੀ ਚੋਣਾਂ ’ਚ ਕਿਸੇ ਕਿਸਮ ਦੀ ਕੀਤੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਵਿਰੋਧ ’ਚ ਰੋਸ ਧਰਨੇ ਦਿੱਤੇ ਜਾਂਣਗੇ। ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਜਦੋਂ ਬੀ. ਡੀ. ਪੀ. ਓ. ਅਮਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਚੁੱਲ੍ਹਾ ਟੈਕਸ ਦੀ ਰਸੀਦ ਤੇ ਐੱਨ. ਓ. ਸੀ. ਦੇਣ ਤੋਂ ਇਨਕਾਰ ਨਹੀਂ ਕੀਤਾ ਤੇ ਭਲਕੇ ਸੋਮਵਾਰ ਦਫਤਰ ’ਚ ਹਾਜ਼ਰ ਹੋ ਕੇ ਉਮੀਦਵਾਰ ਲੋਡ਼ੀਂਦੇ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ।