ਪਾਵਰਕਾਮ ਨੇ ਬਿਜਲੀ ਚੋਰਾਂ ਨੂੰ ਠੋਕਿਆ 44.39 ਲੱਖ ਰੁਪਏ ਦਾ ਜੁਰਮਾਨਾ

06/30/2019 2:34:20 AM

ਅੰਮ੍ਰਿਤਸਰ (ਰਮਨ)— ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਇੰਜ. ਸੰਦੀਪ ਕੁਮਾਰ ਨੇ ਬਿਜਲੀ ਚੋਰੀ ਨੂੰ ਰੋਕਣ ਲਈ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਿਜਲੀ ਚੋਰੀ ਕਰਨ ਵਾਲੇ ਅਨਸਰਾਂ ਨਾਲ ਕੋਈ ਹਮਦਰਦੀ ਨਾ ਵਰਤੀ ਜਾਵੇ ਬਲਕਿ ਬਿਜਲੀ ਚੋਰੀ ਨੂੰ ਸਖਤੀ ਨਾਲ ਰੋਕਿਆ ਜਾਵੇ। ਇਸ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮੁੱਚੇ ਬਾਰਡਰ ਜ਼ੋਨ ਵਿਚ ਬਿਜਲੀ ਚੋਰੀ ਕਰ ਕੇ ਪਾਵਰ ਕਾਰਪੋਰੇਸ਼ਨ ਨੂੰ ਘਾਟੇ ਵਿਚ ਲਿਜਾਣ ਵਾਲੇ ਅਨਸਰਾਂ ਨੂੰ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਭਾਰੀ ਜੁਰਮਾਨੇ ਪਾਏ ਗਏ ਹਨ। ਸਰਕਲ ਸਬ-ਅਰਬਨ ਅੰਮ੍ਰਿਤਸਰ ਵਲੋਂ 2755 ਕੁਨੈਕਸ਼ਨਾਂ ਦੀ ਜਾਂਚ ਕੀਤੀ ਅਤੇ 109 ਬਿਜਲੀ ਚੋਰੀ ਦੇ ਕੇਸ ਫੜ ਕੇ 18.85 ਲੱਖ ਰੁਪਏ, ਗੁਰਦਾਸਪੁਰ ਹਲਕੇ ਵਿਚ 1765 ਕੁਨੈਕਸ਼ਨਾਂ ਦੀ ਚੈਕਿੰਗ ਦੌਰਾਨ 175 ਕੇਸ ਫੜੇ ਉਨ੍ਹਾਂ ਨੂੰ 13.68 ਲੱਖ ਰੁਪਏ, ਹਲਕਾ ਤਰਨਤਾਰਨ ਵਿਚ 2248 ਕੁਨੈਕਸ਼ਨ ਚੈੱਕ ਕੀਤੇ ਜਿਨ੍ਹਾਂ ਵਿਚੋਂ 58 ਖਪਤਕਾਰ ਬਿਜਲੀ ਦੀ ਸਪਲਾਈ ਗਲਤ ਢੰਗ ਨਾਲ ਲੈਂਦੇ ਪਾਏ, ਉਨ੍ਹਾਂ ਨੂੰ 8.06 ਲੱਖ ਰੁਪਏ ਅਤੇ ਸ਼ਹਿਰੀ ਹਲਕਾ ਅੰਮ੍ਰਿਤਸਰ ਵਿਚ 562 ਖਪਤਕਾਰਾਂ ਦੇ ਅਹਾਤੇ ਚੈੱਕ ਕਰਨ ਦੌਰਾਨ 11 ਖਪਤਕਾਰ ਬਿਜਲੀ ਦੀ ਵਰਤੋਂ ਪਾਵਰ ਕਾਰਪੋਰੇਸ਼ਨ ਦੇ ਨਿਯਮਾਂ ਅਨੁਸਾਰ ਨਾ ਕਰਦੇ ਹੋਣ ਕਾਰਣ ਉਨ੍ਹਾਂ ਨੂੰ 3.80 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਸਮੁੱਚੀ ਮੁਹਿੰਮ ਵਿਚ ਕੁਲ 7330 ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ ਸਿਰਫ 350 ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ। ਉਨ੍ਹਾਂ ਨੂੰ ਕੁਲ 44 ਲੱਖ 39 ਹਜ਼ਾਰ ਰੁਪਏ ਜੁਰਮਾਨਾ ਪਾਇਆ ਗਿਆ ਹੈ।

KamalJeet Singh

This news is Content Editor KamalJeet Singh