ਸ਼ਰਧਾਲੂਆਂ ਦੇ ਚੋਰੀ ਕਰਦੇ ਸਨ ਮੋਟਰਸਾਈਕਲ, ਪੁਲਸ ਨੇ 8 ਐਕਟਿਵਾ ਤੇ 2 ਮੋਟਰਸਾਈਕਲਾਂ ਸਣੇ 3 ਦਬੋਚੇ

07/19/2022 2:53:05 AM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੇ ਦੋਪਹੀਆ ਵਾਹਨਾਂ ਨੂੰ ਵੀ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਅੰਮ੍ਰਿਤਸਰ ਤੋਂ ਗਲਿਆਰਾ ਚੌਕੀ ਵਿੱਚ ਸਬ-ਇੰਸਪੈਕਟਰ ਗੁਰਜੀਤ ਸਿੰਘ ਨੇ ਇਕ ਪ੍ਰੈੱਸ ਵਾਰਤਾ ਕੀਤੀ, ਜਿਸ ਵਿੱਚ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਦੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ 'ਚ 3 ਚੋਰਾਂ ਕੋਲੋਂ 8 ਐਕਟਿਵਾ ਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਸਬ-ਇੰਸਪੈਕਟਰ ਨੇ ਦੱਸਿਆ ਕਿ 16 ਜੁਲਾਈ ਨੂੰ ਉਨ੍ਹਾਂ ਨੇ ਹੋਟਲ ਰਾਜ ਦਰਬਾਰ ਨੇੜੇ ਇਕ ਪੁਲਸ ਨਾਕਾ ਲਗਾਇਆ ਹੋਇਆ ਸੀ, ਜਿੱਥੇ ਉਨ੍ਹਾਂ ਨੇ 2 ਵਿਅਕਤੀ ਸ਼ੱਕੀ ਹਾਲਾਤ 'ਚ ਗ੍ਰਿਫ਼ਤਾਰ ਕੀਤੇ ਸਨ ਤੇ 2 ਚੋਰੀ ਦੀਆਂ ਐਕਟਿਵਾ ਉਨ੍ਹਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਸਨ।

ਖ਼ਬਰ ਇਹ ਵੀ : ਸਿਮਰਜੀਤ ਬੈਂਸ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ ਤਾਂ ਉਥੇ ਲਾਰੈਂਸ ਬਿਸ਼ਨੋਈ ਦਾ ਵੀ ਵਧਿਆ ਰਿਮਾਂਡ, ਪੜ੍ਹੋ TOP 10

ਪੁੱਛਗਿੱਛ ਕਰਨ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਦੀ ਨਿਸ਼ਾਨਦੇਹੀ 'ਤੇ 6 ਐਕਟਿਵਾ ਹੋਰ ਤੇ 2 ਮੋਟਰਸਾਈਕਲ ਬਰਾਮਦ ਹੋਏ ਅਤੇ ਇਕ ਹੋਰ ਵਿਅਕਤੀ ਇਨ੍ਹਾਂ ਦੇ ਗੈਂਗ ਦਾ ਹੀ ਮੈਂਬਰ ਸੀ, ਉਸ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਹਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਉਮਰਪੁਰਾ ਥਾਣਾ ਅਜਨਾਲਾ, ਬਲਬੀਰ ਸਿੰਘ ਉਰਫ ਗੂੰਗਾ ਵਾਸੀ ਪਿੰਡ ਪੱਕੀ ਟਿੱਬੀ ਥਾਣਾ ਮਲੋਟ ਤੇ ਤੁਸ਼ਾਰ ਕੁਮਾਰ ਉਰਫ ਬੱਬੂ ਗਲੀ ਸੁਨਿਆਰਿਆਂ ਵਾਲੀ ਭਿੱਖੀਵਿੰਡ ਰੋਡ ਝਬਾਲ ਜ਼ਿਲ੍ਹਾ ਤਰਨਤਾਰਨ ਹਨ। ਐੱਸ.ਐੱਚ.ਓ. ਨੇ ਦੱਸਿਆ ਕਿ ਫਿਲਹਾਲ ਇਹ ਨਵੀਆਂ ਚੋਰੀਆਂ ਕਰਨੀਆਂ ਸ਼ੁਰੂ ਹੋਏ ਹਨ ਅਤੇ ਇਨ੍ਹਾਂ ਨੇ ਸਾਰੇ ਵਾਹਨ ਇਕ ਜਗ੍ਹਾ 'ਤੇ ਇਕੱਠੇ ਕਰਕੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਇਨ੍ਹਾਂ ਵੱਲੋਂ ਵੇਚਿਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਚੋਰੀ ਕੀਤੇ ਵਾਹਨ ਬਰਾਮਦ ਕਰ ਲਏ ਹਨ।

ਇਹ ਵੀ ਪੜ੍ਹੋ : ਗੈਸ ਏਜੰਸੀ ਦੇ ਕਰਿੰਦੇ ਦੇ ਰਹੇ ਸਨ ਘੱਟ ਵਜ਼ਨ ਦੇ ਸਿਲੰਡਰ, ਪਿੰਡ ਵਾਲਿਆਂ ਨੇ ਕੀਤੇ ਕਾਬੂ

ਜ਼ਿਕਰਯੋਗ ਹੈ ਕਿ ਸਥਾਨਕ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਹਨ ਤੇ ਆਪਣਾ ਦੋਪਹੀਆ ਵਾਹਨ ਹਰਿਮੰਦਰ ਸਾਹਿਬ ਦੇ ਬਾਹਰ ਪਾਰਕ ਕਰਦੇ ਹਨ, ਜਿਸ ਦਾ ਨਾਜਾਇਜ਼ ਫ਼ਾਇਦਾ ਚੋਰ ਚੁੱਕਦੇ ਹਨ। ਜ਼ਿਆਦਾਤਰ ਵਾਹਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਤੋਂ ਚੁੱਕੇ ਜਾਂਦੇ ਹਨ ਪਰ ਪੁਲਸ ਇਸ ਵਾਰ ਕਾਫੀ ਮੁਸਤੈਦ ਦਿਖਾਈ ਦੇ ਰਹੀ ਹੈ। ਕੁਝ ਦਿਨ ਪਹਿਲਾਂ ਵੀ ਗਲਿਆਰਾ ਚੌਕੀ ਵੱਲੋਂ ਹੀ ਤਕਰੀਬਨ 15 ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਸਨ, ਜੋ ਕਿ ਇਕ ਹੀ ਵਿਅਕਤੀ ਵੱਲੋਂ ਚੋਰੀ ਕੀਤੇ ਗਏ ਸਨ ਤੇ ਅੱਜ ਵੀ ਗਲਿਆਰਾ ਚੌਕੀ ਨੇ ਹੀ 10 ਵਾਹਨ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ 'ਤੇ ਧਾਰਾ 379 ਅਤੇ 411 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ 2 ਗੁੱਟਾਂ ਵਿਚਾਲੇ ਖੂਨੀ ਝੜਪ, ਵਰ੍ਹਾਏ ਇੱਟਾਂ-ਪੱਥਰ, ਮਾਲਕ 'ਤੇ ਚੜ੍ਹਾਈ ਗੱਡੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Mukesh

Content Editor

Related News