ਹਾਈਵੇ ਉੱਪਰ ਪਾਲਤੂ ਪਸ਼ੂ ਕਿਸੇ ਵੇੇਲੇ ਵੀ ਬਣ ਸਕਦੇ ਹਨ ਦੁਰਘਟਨਾ ਦਾ ਕਾਰਨ

01/13/2019 4:49:09 AM

 ਤਰਨਤਾਰਨ,  (ਰਾਜੂ)-  ਇਕ ਪਾਸੇ ਹਰ ਦਿਨ ਪਸ਼ੂਆਂ ਤੇ ਵਾਹਨਾਂ ਦੀਆਂ ਹੋ ਰਹੀਆਂ ਟੱਕਰਾਂ ਕਾਰਨ ਪਸ਼ੂ ਮੌਤ ਦੇ ਘਾਟ ਉੱਤਰ ਰਹੇ ਹਨ ਉਥੇ ਹੀ ਨੈਸ਼ਨਲ ਹਾਈਵੇ ਉੱਪਰ ਗੁੱਜਰਾਂ ਵਲੋਂ ਆਪਣੀਆਂ ਮੱਝਾਂ ਨੂੰ ਲਿਆਉਣ ਨਾਲ ਵੱਡਾ ਹਾਦਸਾ ਹੋਣ ਦਾ ਖਤਰਾ ਬਣ ਰਿਹਾ ਹੈ, ਜਿਸ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਪੁਲਸ ਪ੍ਰਸ਼ਾਸਨ ਦੀ ਗਸ਼ਤ ਟੀਮ ’ਤੇ ਸਵਾਲ ਖਡ਼੍ਹੇ ਹੋਣੇ ਸ਼ੁਰੂ ਹੋ ਗਏ ਹਨ। ਤਰਨਤਾਰਨ-ਫਿਰੋਜ਼ਪੁਰ ਨੈਸ਼ਨਲ ਹਾਈਵੇ ਉੱਪਰ ਕੁੱਝ ਗੁੱਜਰਾਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ  ਕੇ ਆਪਣੀਆਂ ਮੱਝਾਂ ਦੇ ਝੁੰਡ, ਜਿਸ ਦੀ ਗਿਣਤੀ ਕਰੀਬ 2 ਦਰਜ਼ਨ ਤੋਂ ਵੀ ਵੱਧ ਮੰਨੀ ਜਾ ਸਕਦੀ ਹੈ ਨੂੰ ਸਡ਼ਕ ਵਿਚਕਾਰ ਤੋਰਿਆ ਜਾਂਦਾ ਹੈ ਜੋ ਕਿਸੇ ਵੇਲੇ ਵੀ ਕਿਸੇ ਵਾਹਨ ਨੂੰ ਹਾਦਸੇ ਦਾ ਸ਼ਿਕਾਰ ਬਣਾ ਸਕਦੇ ਹਨ। ਇਸ ਦੀ ਤਾਜ਼ਾ ਮਿਸਾਲ ਨੈਸ਼ਨਲ ਹਾਈਵੇ ਦੇ ਇਕ ਪੁਲ ਤੋਂ ਹੇਠਾਂ ਉੱਤਰਦੇ ਸਮੇਂ ਵੇਖੀ ਗਈ। ਇਸ ਦੌਰਾਨ ਜਿਥੇ ਵਾਹਨ ਚਾਲਕ ਕਿਸੇ ਹਾਦਸੇ ਦਾ ਸ਼ਿਕਾਰ ਬਣਦੇ ਵੇਖੇ ਗਏ ਉਥੇ ਇਨ੍ਹਾਂ ਮੱਝਾਂ ਵਲੋਂ ਸ਼ਰੇਆਮ ਸਡ਼ਕ ਉੱਪਰ ਪਾਏ ਜਾਂਦੇ ਗੰਦ ਕਾਰਨ ਸਵੱਛ ਭਾਰਤ ਮੁਹਿੰਮ ਦੀ ਵੀ ਹਵਾ ਨਿਕਲਦੀ ਨਜ਼ਰ ਆਈ। ਕੁੱਝ ਵਾਹਨ ਚਾਲਕਾਂ ਨੇ ਦੱਸਿਆ ਕਿ ਇਸ ਹਾਈਵੇ ਉੱਪਰ ਵਾਹਨਾਂ ਦੀ ਸਪੀਡ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ, ਜਿਸ ਦੌਰਾਨ ਜੇ ਇਨ੍ਹਾਂ ਮੱਝਾਂ ’ਚੋਂ ਕੋਈ ਅਚਾਨਕ ਵਾਹਨ ਨਾਲ ਟਕਰਾ ਜਾਵੇ ਤਾਂ ਵਾਹਨ ’ਚ ਬੈਠੇ ਸਵਾਰਾਂ ਦੀ ਮੌਕੇ ’ਤੇ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ। 
 ਜਲਦ ਕੀਤਾ ਜਾਵੇਗਾ ਵਿਸ਼ੇਸ਼ ਕਮੇਟੀ ਦਾ ਗਠਨ-ਡੀ.ਸੀ.
ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦਾ ਕਹਿਣਾ ਹੈ ਕਿ ਹਾਈਵੇ ਉੱਪਰ ਪਸ਼ੂਆਂ ਨੂੰ ਲੈ ਕੇ ਜਾਣ ’ਤੇ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਕਰਨ ਲਈ ਜਲਦ ਹੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ।