DC ਦੀ ਪਹਿਲਕਦਮੀ ਤੋਂ ਬਾਅਦ 58 ਦਿਨਾਂ ਬਾਅਦ ਖੁੱਲ੍ਹਾ ਪਟਵਾਰਖਾਨਾ 1 ਅਤੇ 2

10/26/2023 2:58:51 PM

ਅੰਮ੍ਰਿਤਸਰ (ਨੀਰਜ) : ਜ਼ਿਲ੍ਹੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਪਟਵਾਰਖਾਨਾ 1 ਅਤੇ 2 ਵਿਚ ਬਕਾਇਦਾ ਤੌਰ ’ਤੇ 21 ਪਟਵਾਰੀਆਂ ਦੀ ਤਾਇਨਾਤੀ ਕਰ ਦਿੱਤੀ ਹੈ, ਜਿਸ ਨਾਲ ਪਿਛਲੇ 58 ਦਿਨਾਂ ਤੋਂ ਬੰਦ ਪਿਆ ਪਟਵਾਰਖਾਨਾ ਇਕ ਵਾਰ ਫਿਰ ਤੋਂ ਆਮ ਲੋਕਾਂ ਲਈ ਖੁੱਲ੍ਹ ਗਿਆ ਹੈ। ਜਾਣਕਾਰੀ ਅਨੁਸਾਰ ਪਟਵਾਰੀਆਂ ਵਲੋਂ ਵਧੀਕ ਪਟਵਾਰ ਸਰਕਲਾਂ ਦਾ ਬਾਈਕਾਟ ਕੀਤਾ ਗਿਆ ਅਤੇ ਸਾਬਕਾ ਡੀ.ਸੀ. ਅਮਿਤ ਤਲਵਾੜ ਨੇ ਪਟਵਾਰਖਾਨਾ 1 ਅਤੇ 2 ਦੇ ਪਟਵਾਰੀਆਂ ਨੂੰ ਦਿਹਾਤੀ ਸਰਕਲਾਂ ਵਿਚ ਤਾਇਨਾਤ ਕਰ ਕੇ ਸ਼ਹਿਰੀ ਸਰਕਲਾਂ ਦਾ ਵਾਧੂ ਚਾਰਜ ਦਿੱਤਾ ਸੀ ਪਰ ਉਨ੍ਹਾਂ ਦੇ ਐਲਾਨ ਅਨੁਸਾਰ ਪਟਵਾਰੀਆਂ ਨੇ ਵਾਧੂ ਸਰਕਲ ਛੱਡ ਦਿੱਤੇ, ਜਿਸ ਕਾਰਨ ਪਟਵਾਰਖਾਨਾ 1 ਅਤੇ 2 ਦੀਆਂ ਸੀਟਾਂ ਖਾਲੀ ਹੋ ਗਈਆ ਅਤੇ ਦੋਵੇਂ ਪਟਵਾਰਖਾਨਿਆਂ ਵਿਚ ਤਾਲੇ ਲੱਗ ਗਏ ਸਨ। ਜ਼ਮੀਨ-ਜਾਇਦਾਦ ਦਾ ਰਿਕਾਰਡ ਅਤੇ ਫਰਦ ਨਾ ਮਿਲਣ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਟਵਾਰਖਾਨੇ ਵਿਚ ਆ ਰਹੇ ਸਨ ਅਤੇ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਸ਼ਹਿਰੀ ਪਟਵਾਰਖਾਨਾ 1 ਅਤੇ 2 ਦੇ ਬੰਦ ਹੋਣ ਕਾਰਨ ਮਾਲ ਵਿਭਾਗ ਨਾਲ ਸਬੰਧਤ ਸੈਂਕੜੇ ਅਦਾਲਤੀ ਕੇਸ ਫਸ ਹੋਏ ਸਨ, ਕਿਉਂਕਿ ਇਨ੍ਹਾਂ ਸਰਕਲਾਂ ਵਿਚ ਪਟਵਾਰੀ ਨਾ ਹੋਣ ਕਾਰਨ ਮਾਲ ਅਤੇ ਸਿਵਲ ਅਦਾਲਤਾਂ ਵਿਚ ਮਾਲ ਰਿਕਾਰਡ ਪੇਸ਼ ਨਹੀਂ ਹੋ ਰਿਹਾ ਸੀ, ਜਿਸ ਨਾਲ ਪ੍ਰਸ਼ਾਸਨ ਦੀ ਵੀ ਕਿਰਕਿਰੀ ਹੋ ਰਹੀ ਸੀ। ਫਿਲਹਾਲ ਡੀ.ਸੀ. ਥੋਰੀ ਦੀ ਇਸ ਪਹਿਲਕਦਮੀ ਤੋਂ ਬਾਅਦ ਅਦਾਲਤੀ ਕੇਸਾਂ ਵਿਚ ਵੀ ਤੇਜ਼ੀ ਆਵੇਗੀ ਅਤੇ ਜਲਦੀ ਹੀ ਇਨ੍ਹਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ।ਅੰਮ੍ਰਿਤਸਰ ਸ਼ਹਿਰ ਵਿਚ ਤਾਇਨਾਤ ਇਕ ਸੀਨੀਅਰ ਮਾਲ ਅਧਿਕਾਰੀ ਨੂੰ ਲਗਾਤਾਰ ਦੋ ਕੇਸਾਂ ਵਿਚ ਅਦਾਲਤ ਦੀ ਫਟਕਾਰ ਝੱਲਣੀ ਪਈ, ਕਿਉਂਕਿ ਪਟਵਾਰਖਾਨਾ 2 ਬੰਦ ਸੀ ਅਤੇ ਸਬੰਧਤ ਕੇਸਾਂ ਦਾ ਜ਼ਮੀਨੀ ਰਿਕਾਰਡ ਪਟਵਾਰੀਆਂ ਵੱਲੋਂ ਪੇਸ਼ ਨਹੀਂ ਕੀਤਾ ਜਾ ਰਿਹਾ ਸੀ। ਇਸ ਸਬੰਧੀ ਅਧਿਕਾਰੀ ਵੱਲੋਂ ਏ.ਡੀ.ਸੀ. ਜਨਰਲ ਨੂੰ ਤੁਰੰਤ ਪ੍ਰਭਾਵ ਨਾਲ ਸੂਚਿਤ ਕੀਤਾ ਗਿਆ ਅਤੇ ਪਟਵਾਰੀ ਨੂੰ ਵੀ ਤੁਰੰਤ ਪ੍ਰਭਾਵ ਨਾਲ ਤਾਇਨਾਤ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਜ਼ਮੀਨੀ ਰਿਕਾਰਡ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਕਿਹਾ ਕਿ ਕਿਸ ਨੂੰ ਤਾਇਨਾਤ ਕੀਤਾ ਜਾਣਾ ਹੈ ਜਾਂ ਕਿਸ ਨੇ ਰਿਕਾਰਡ ਪੇਸ਼ ਕਰਨਾ ਹੈ, ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ, ਅਦਾਲਤ ਕਿਸੇ ਵੀ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ: ਮੰਤਰੀ ਬਣ ਕੇ ਵੀ ਨਹੀਂ ਛੱਡੀ ਮਨੁੱਖਤਾ ਦੀ ਸੇਵਾ, ਡਾ. ਬਲਜੀਤ ਕੌਰ ਨੇ ਖ਼ੁਦ ਕੀਤੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਪਟਵਾਰਖਾਨੇ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਜ਼ਮੀਨਾਂ ਅਤੇ ਜਾਇਦਾਦ ਦੀਆਂ ਰਜਿਸਟਰੀਆਂ ਵਿਚ 75 ਫੀਸਦੀ ਦੀ ਗਿਰਾਵਟ ਆਈ ਹੈ, ਕਿਉਂਕਿ ਲੋਕਾਂ ਨੂੰ ਪਟਵਾਰੀਆਂ ਤੋਂ ਜ਼ਮੀਨ ਅਤੇ ਜਾਇਦਾਦ ਦਾ ਰਿਕਾਰਡ ਨਹੀਂ ਮਿਲ ਰਿਹਾ ਸੀ। ਆਮ ਤੌਰ ’ਤੇ ਕੋਈ ਵੀ ਵਿਅਕਤੀ ਮਕਾਨ ਜਾਂ ਪਲਾਟ ਖਰੀਦਣ ਤੋਂ ਪਹਿਲਾਂ ਆਪਣੀ ਫਰਦ ਕਢਵਾ ਕੇ ਪਤਾ ਕਰਦਾ ਹੈ ਕਿ ਜ਼ਮੀਨ ਕਿਸ ਦੇ ਨਾਂ ’ਤੇ ਬੋਲਦੀ ਹੈ ਪਰ ਪਟਵਾਰਖਾਨਿਆਂ ਨੂੰ ਤਾਲੇ ਲੱਗੇ ਹੋਣ ਕਾਰਨ ਲੋਕਾਂ ਨੂੰ ਫਰਦ ਨਹੀਂ ਮਿਲ ਰਹੀ। ਭਾਵੇਂ ਪ੍ਰਸ਼ਾਸਨ ਵੱਲੋਂ ਸਹੀ ਫਰਦ ਕੇਂਦਰ ਸਥਾਪਤ ਕੀਤਾ ਗਿਆ ਹੈ ਪਰ ਇੱਥੇ ਫਰਦ ਲੈਣਾ ਆਸਾਨ ਨਹੀਂ ਹੈ, ਕਿਉਂਕਿ ਇਸ ਵਿਚ ਆਨਲਾਈਨ ਸਿਸਟਮ ਹੋਣ ਕਾਰਨ ਸਾਰੇ ਖਸਰਾ ਨੰਬਰਾਂ ਦਾ ਰਿਕਾਰਡ ਮੌਜੂਦ ਹੈ, ਜਿਸ ਦੀ ਸਬੰਧਤ ਵਿਅਕਤੀ ਨੂੰ ਲੋੜ ਵੀ ਨਹੀਂ ਹੈ।ਪਿਛਲੇ 58 ਦਿਨਾਂ ਤੋਂ ਪਟਵਾਰਖਾਨਾ 1 ਅਤੇ 2 ਬੰਦ ਸਨ ਪਰ ਰਜਿਸਟਰੀ ਦਫ਼ਤਰਾਂ ਵਿਚ ਭਾਵੇਂ ਉਹ ਰਜਿਸਟਰੀ ਦਫ਼ਤਰ 1 ਹੋਵੇ ਜਾਂ 2, ਰੋਜ਼ਾਨਾ 100 ਤੋਂ 150 ਦੇ ਕਰੀਬ ਰਜਿਸਟਰੀਆਂ ਹੋ ਰਹੀਆਂ ਸਨ, ਪਰ ਇਨ੍ਹਾਂ ਰਜਿਸਟਰੀਆਂ ਦਾ ਇੰਤਕਾਲ ਪਟਵਾਰੀਆਂ ਨੇ ਦਰਜ ਕਰਨਾ ਹੁੰਦਾ ਹੈ ਪਰ ਪਟਵਾਰਖਾਨੇ ਬੰਦ ਹੋਣ ਕਾਰਨ ਇੰਤਕਾਲ ਦਰਜ ਕਰਨ ਦਾ ਕੰਮ ਵੀ ਬੰਦ ਪਿਆ ਹੋਇਆ ਸੀ। ਫਿਲਹਾਲ ਨਵੇ ਪਟਵਾਰੀਆਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਪੈਂਡਿੰਗ ਇੰਤਕਾਲ ਦਰਜ ਕਰਨਾ ਵੀ ਇਕ ਵੱਡੀ ਚੁਣੌਤੀ ਰਹੇਗੀ।

ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ

ਜ਼ਿਲ੍ਹਾ ਮਾਲ ਅਫ਼ਸਰ ਵੱਲੋਂ ਤਾਇਨਾਤ ਕੀਤੇ ਗਏ ਪਟਵਾਰੀ :
- ਸੁਰਿੰਦਰ ਪਾਲ ਭਗਤ ਨੂੰ ਲੋਪੋਕੇ ਤੋਂ ਅੰਮ੍ਰਿਤਸਰ ਸ਼ਹਿਰੀ 108 ’ਚ
- ਲਵਪ੍ਰੀਤ ਸਿੰਘ ਨੂੰ ਕਾਉਕੇ ਤੋਂ ਅੰਮ੍ਰਿਤਸਰ ਸ਼ਹਿਰੀ 109 ’ਚ
- ਮੋਹਿਤ ਮਹਿਤਾ ਨੂੰ ਭਕਨਾ ਕਲਾਂ ਤੋਂ ਅੰਮ੍ਰਿਤਸਰ ਸ਼ਹਿਰੀ 110 ’ਚ
- ਰਛਪਾਲ ਸਿੰਘ ਨੂੰ ਰਸੂਲਪੁਰਾ ਕਲਾਂ ਤੋਂ ਗੁਮਾਨਪੁਰਾ ’ਚ
- ਅਗਿਆਪਾਲ ਸਿੰਘ ਨੂੰ ਪਟਵਾਰ ਸਰਕਲ ਗਿੱਲ ਤੋਂ ਸੁਲਤਾਨਵਿੰਡ ਸ਼ਹਿਰੀ ’ਚ
- ਮੇਹਰਬਾਨ ਨੂੰ ਸ਼ੇਰੋ ਨਿਗਾਹ ਤੋਂ ਵੱਲਾ ’ਚ
- ਪਰਮੇਸ਼ਵਰ ਜੋਧ ਨੂੰ ਚੋਗਾਵਾਂ ਸਾਧਪੁਰ ਤੋਂ ਤੁਗਪਾਈ ’ਚ
- ਅਰਸ਼ਦੀਪ ਸਿੰਘ ਨੂੰ ਮੋੜੇ ਤੋਂ ਸੁਲਤਾਨਵਿੰਡ ਵੱਲ ਬੈਣੀਵਾਲ ਵਿਚ
- ਜਸਮੀਤ ਸਿੰਘ ਨੂੰ ਮਿਆੜੀ ਕਲਾਂ ਤੋਂ ਸੁਲਤਾਨਵਿੰਡ ਮਾਹਲ-2 ਵਿਚ
- ਦੀਪਕ ਮਸੀਹ ਨੂੰ ਬਾਲੀਆ ਮੰਝਪੁਰ ਤੋਂ ਸੁਲਤਾਨਵਿੰਡ ਮਾਹਲ-1 ਵਿਚ
- ਜੁਗਰਾਜ ਸਿੰਘ ਨੂੰ ਬਾਸਰਕੇ ਗਿੱਲਾ ਤੋਂ ਮੀਰਾਂਕੋਰਟ ਵਿਚ
- ਪ੍ਰਦੀਪ ਕੁਮਾਰ ਨੂੰ ਮਿਆੜੀ ਕਲਾਂ ਤੋਂ ਭਰਾੜੀਵਾਲ ਵਿਚ
- ਸੋਨੂੰ ਕੁਮਾਰ ਨੂੰ ਮੋਹਲਕੇ ਤੋਂ ਪਿੰਡ ਹੇਰ ਵਿਚ
- ਗਗਨਦੀਪ ਸਿੰਘ ਨੂੰ ਭੋਏਵਾਲੀ ਤੋਂ ਬਾਸਰਕੇ ਭੈਣੀ
- ਸੁਖਜਿੰਦਰ ਸਿੰਘ ਰਿੰਪੀ ਨੂੰ ਮੂਧਲ ਤੋਂ ਮੁਰਾਦਪੁਰਾ
- ਜਲਵਿੰਦਰ ਸਿੰਘ ਨੂੰ ਚੱਬਾ ਤੋਂ ਪੰਡੋਰੀ ਵੜੈਚ
- ਚੰਨਣ ਸਿੰਘ ਖਹਿਰਾ ਨੂੰ ਨੇਸ਼ਟਾ ਤੋਂ ਨੰਗਲੀ
- ਦਵਿੰਦਰਪਾਲ ਸਿੰਘ ਨੂੰ ਕੜਿਆਲ ਤੋਂ ਅੰਮ੍ਰਿਤਸਰ ਸਬ ਅਰਬਨ
- ਸ਼ਰਨਜੀਤ ਕੌਰ ਨੂੰ ਮੁਹਾਵਾ ਤੋਂ ਚੱਬੇ
- ਰਜਿੰਦਰ ਸਿੰਘ ਨੂੰ ਬੰਡਾਲਾ-2 ਤੋਂ ਤੁੰਗਬਾਲਾ
- ਮਨਦੀਪ ਸਿੰਘ ਕੰਗ ਨੂੰ ਖੱਬੇ ਰਾਜਪੂਤਾ ਤੋਂ ਕਾਲੇ ਘਣੂਪੁਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anuradha

This news is Content Editor Anuradha