ਪਨਬੱਸ ਵਰਕਰ ਯੂਨੀਅਨ ਨੇ ਪੱਟੀ ਡਿਪੂ ਵਿਖੇ ਕੀਤੀ ਗੇਟ ਰੈਲੀ

08/10/2018 2:40:08 PM

ਪੱਟੀ (ਸੌਰਭ/ ਸੋਢੀ) : ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਪੱਟੀ ਡਿਪੂ ਵਿਖੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ। ਇਸ 'ਚ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਨਆਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਪ੍ਰਸਤ ਸਲਵਿੰਦਰ ਸਿੰਘ, ਜਰਨਲ ਸਕੱਤਰ ਵਜ਼ੀਰ ਸਿੰਘ, ਪ੍ਰੈੱਸ ਸਕੱਤਰ ਵੀਰਮ ਜੰਡ ਨੇ ਕਿਹਾ ਕਿ 10 ਅਗਸਤ ਤੋਂ 15 ਅਗਸਤ ਤੱਕ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 15 ਅਗਸਤ ਨੂੰ ਕਾਲੇ ਕੱਪੜੇ ਪਾ ਕੇ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਰੋਸ ਮਾਰਚ ਕੀਤੇ ਜਾਣਗੇ। 28 ਅਗਸਤ ਨੂੰ ਡਾਇਰੈਕਟਰ ਟਰਾਂਸਪੋਰਟ ਦਫਤਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ 10 ਸਤੰਬਰ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਕਰਕੇ ਮੁਕੰਮਲ ਹੜਤਾਲ ਕਰਕੇ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕਿ ਪਨਬੱਸ 'ਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਰਿਪੋਰਟਾਂ ਦੀਆਂ ਸ਼ਰਤਾਂ ਰੱਦ ਕੇ ਵਰਕਰਾਂ ਨੂੰ ਤਰੁੰਤ ਡਿਊਟੀ 'ਤੇ ਲਿਆ ਜਾਵੇ, ਮ੍ਰਿਤਕ ਮੁਲਾਜਮਾਂ ਦੇ ਵਾਰਿਸਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ, ਪਨਬੱਸ ਵਰਕਰਾਂ 'ਤੇ ਰੋਡਵੇਜ਼ ਦੇ ਸਾਰੇ ਕਾਨੂੰਨ ਲਾਗੂ ਕੀਤੇ ਅਤੇ ਸਾਡੇ ਨਾਲ ਇਨਸਾਫ ਕਰਕੇ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ 'ਤੇ ਮਹਿਕਮੇ ਦੀ ਹੋਵੇਗੀ। ਇਸ ਮੌਕੇ ਕੈਸ਼ੀਅਰ ਸਤਨਾਮ ਸਿੰਘ, ਗੁਰਜੰਟ ਸਿੰਘ, ਪਰਮਜੀਤ ਸਿੰਘ ਕੈਰੋਂ, ਲਖਬੀਰ ਸਿੰਘ ਆਦਿ ਹਾਜ਼ਰ ਸਨ।