ਮੋਦੀ ਸਰਕਾਰ ਵਲੋਂ ਝੋਨੇ ਦੇ ਭਾਅ ’ਚ ਕੀਤਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ: ਡਾ. ਸੰਦੀਪ

06/03/2020 11:54:55 PM

ਤਰਨਤਾਰਨ,(ਰਾਜੂ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਝੋਨੇ ਦੇ ਭਾਅ ’ਚ ਕੀਤਾ ਗਿਆ ਨਿਗੁਣਾ ਵਾਧਾ ਦੇਸ਼ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ ਕਿਉਂਕਿ ਮੋਦੀ ਸਰਕਾਰ ਨੇ ਇਕ ਵਾਰ ਫਿਰ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਪਾਸਾ ਵੱਟ ਲਿਆ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਨੇਤਾ ਡਾ. ਸੰਦੀਪ ਅਗਨੀਹੋਤਰੀ ਅਤੇ ਮੰਗਲ ਦਾਸ ਮੁਨੀਮ ਜ਼ਿਲਾ ਜਨਰਲ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਬਡ਼ੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਮੋਦੀ ਸਰਕਾਰ ਅਤੇ ਕੇਂਦਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਆਪ ਨੂੰ ਕਿਸਾਨਾਂ ਦੀ ਹਮਦਰਦ ਅਖਵਾਉਂਦੀ ਹੈ ਪਰ ਦੂਸਰੇ ਪਾਸੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਦੀ ਕੈਬਨਿਟ ਵਿਚ ਵਜ਼ੀਰ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਲਾਹੇਵੰਦ ਭਾਅ ਦਿਵਾਉਣ ਵਿਚ ਬੁਰੀ ਤਰ੍ਹਾਂ ਅਸਫਲ ਹੈ ਅਤੇ ਮੋਦੀ ਸਰਕਾਰ ਵਲੋਂ ਝੋਨੇ ਦੇ ਭਾਅ ’ਚ ਕੀਤਾ ਸਿਰਫ 53 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਫਸਲ ਦੀ ਪੈਦਾਵਰ ਲਈ ਡੀਜ਼ਲ, ਖਾਦਾਂ ਆਦਿ ਖਰਚੇ ਜਿੱਥੇ ਕਿਸਾਨਾਂ ਦਾ ਕਚੰੂਮਰ ਕੱਢ ਰਹੇ ਹਨ ਉਥੇ ਹੀ ਫਸਲ ਦਾ ਸਹੀ ਮੁੱਲ ਨਾ ਮਿਲਣਾ ਕਿਸਾਨਾਂ ਨਾਲ ਵੱਡਾ ਧ੍ਰੋਹ ਹੈ ਇਸ ਲਈ ਬੀਬਾ ਹਰਸਿਮਰਤ ਬਾਦਲ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਕਸ਼ਮੀਰ ਸਿੰਘ ਭੋਲਾ ਸਿੱਧੂ, ਸੁਖਵੰਤ ਸਿੰਘ ਕੱਦਗਿੱਲ, ਗੁਰਦੀਪ ਸਿੰਘ ਬਾਣੀਆਂ, ਰਣਜੀਤ ਸਿੰਘ ਰਟੌਲ, ਗੁਰਦਿਆਲ ਸਿੰਘ ਪੰਡੋਰੀ ਗੋਲਾ, ਬਨਵਾਰੀ ਲਾਲ ਆਦਿ ਹਾਜ਼ਰ ਸਨ।


Bharat Thapa

Content Editor

Related News