ਆਨਲਾਈਨ ਸ਼ਾਪਿੰਗ ਨੇ ‘ਮੰਦੀ’ ਅਤੇ ‘ਮੰਦਹਾਲੀ’ ਵੱਲ ਧੱਕੇ ਦੁਕਾਨਦਾਰ, ਤਿਉਹਾਰਾਂ ਦੇ ਸੀਜ਼ਨ ''ਚ ਵੀ ਹੋ ਰਹੇ ਮਾਯੂਸ

10/16/2023 3:25:35 PM

ਗੁਰਦਾਸਪੁਰ (ਹਰਮਨ)- ਡਿਜੀਟਲ ਮਾਰਕੀਟਿੰਗ ਅਤੇ ਵੱਡੇ ਸ਼ਾਪਿੰਗਾਂ ਮਾਲਾਂ ਵੱਲੋਂ ਆਮ ਲੋਕਾਂ ਦੇ ਵਧ ਰਹੇ ਰੁਝਾਨ ਨੇ ਛੋਟੇ ਦੁਕਾਨਦਾਰਾਂ ਨੂੰ ਮੰਦੀ ਅਤੇ ਮੰਦਹਾਲੀ ਦੇ ਦੌਰ ਵਿਚ ਧੱਕ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਆਨਲਾਈਨ ਸਾਈਟਾਂ ਦੇ ਤੇਜ਼ੀ ਨਾਲ ਹੋਏ ਪ੍ਰਸਾਰ ਕਾਰਨ ਹੁਣ ਨਾ ਸਿਰਫ਼ ਵੱਡੇ ਸ਼ਹਿਰਾਂ ਵਿਚ ਸਗੋਂ ਛੋਟੇ ਸ਼ਹਿਰਾਂ ਤੇ ਕਸਬਿਆਂ ਤੱਕ ਵੀ ਆਨਲਾਈਨ ਸ਼ਾਪਿੰਗ ਦੀ ਸਹੂਲਤ ਦੇਣ ਵਾਲੀਆਂ ਕੰਪਨੀਆਂ ਨੇ ਪੈਰ ਪਸਾਰ ਲਏ ਹਨ। ਹੋਰ ਤੇ ਹੋਰ ਦਵਾਈਆਂ ਦੀ ਵਿਕਰੀ ਲਈ ਕਈ ਤਰ੍ਹਾਂ ਦੇ ਕਾਨੂੰਨ ਹੋਣ ਦੇ ਬਾਵਜੂਦ ਦਵਾਈਆਂ ਦਾ ਕਾਰੋਬਾਰ ਵੀ ਆਨਲਾਈਨ ਸਾਈਟਾਂ ਰਾਹੀਂ ਹੋ ਰਿਹਾ ਹੈ ਜਿਸ ਕਾਰਨ ਕੈਮਿਸਟਾਂ ਦਾ ਕਾਰੋਬਾਰ ਵੀ ਡਿਜੀਟਲ ਤੇ ਆਨਲਾਈਨ ਮਾਰਕੀਟਿੰਗ ਨੇ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ- ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ CM ਮਾਨ, ਸੌਂਪਿਆ 1 ਕਰੋੜ ਦਾ ਚੈੱਕ

ਪਹਿਲਾਂ ਸ਼ਾਪਿੰਗ ਮਾਲ ਬਣੇ ਸਨ ਨੁਕਸਾਨ ਦਾ ਕਾਰਨ

ਅਨੇਕਾਂ ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਹਿਲਾਂ ਵੱਡੇ ਸ਼ਾਪਿੰਗ ਮਾਲਜ ਦੁਕਾਨਦਾਰਾਂ ਦੇ ਨੁਕਸਾਨ ਦਾ ਕਾਰਨ ਬਣੇ ਸਨ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਤਕਰੀਬਨ ਹਰੇਕ ਸ਼ਹਿਰ ਵਿਚ ਸ਼ਾਪਿੰਗ ਮਾਲਜ ਖੁੱਲਣ ਕਾਰਨ ਲੋਕਾਂ ਦਾ ਰੁਝਾਨ ਛੋਟੀਆਂ ਦੁਕਾਨਾਂ ਤੋਂ ਹੱਟ ਕੇ ਵੱਡੀਆਂ ਦੁਕਾਨਾਂ ਵੱਲ ਹੋ ਗਿਆ ਸੀ। ਹੁਣ ਵੀ ਹਾਲਾਤ ਹੋਰ ਵੀ ਨੁਕਸਾਨਦੇਹ ਹੋ ਰਹੇ ਹਨ ਕਿ ਜਿਹੜੇ ਸ਼ਹਿਰਾਂ ਵਿਚ ਅਜੇ ਤੱਕ ਵੱਡੇ ਮਾਲਜ ਤਾਂ ਨਹੀਂ ਖੁੱਲ ਸਕੇ ਪਰ ਉਨ੍ਹਾਂ ਸ਼ਹਿਰਾਂ ਵਿਚ ਕਈ ਕੰਪਨੀਆਂ ਅਤੇ ਵਪਾਰੀਆਂ ਨੇ ਵੱਡੇ ਸਟੋਰ ਖੋਲ੍ਹੇ ਹੋਏ ਹਨ ਜਿਥੋਂ ਇਕੋ ਛੱਤ ਹੇਠੋਂ ਕਈ ਚੀਜ਼ਾਂ ਮਿਲ ਜਾਂਦੀਆਂ ਹਨ। ਪਰ ਜਿਹੜੇ ਦੁਕਾਨਦਾਰ ਛੋਟੇ ਹਨ ਉਨ੍ਹਾਂ ਲਈ ਅਜਿਹੇ ਮਾਲਾਂ ਦਾ ਮੁਕਾਬਲਾ ਕਰਨਾ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋ-  ਤਰਨਤਾਰਨ ਸ਼ਹਿਰ 'ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ

ਹੁਣ ਆਨਲਾਈਨ ਸ਼ਾਪਿੰਗ ਦੇ ਰੁਝਾਨ ਨੇ ਤੋੜਿਆ ਲੱਕ

ਕੁਝ ਸਾਲਾਂ ਤੋਂ ਆਨਲਾਈਨ ਸ਼ਾਪਿੰਗ ਨੇ ਤੇਜ਼ੀ ਨਾਲ ਪੈਰ ਪਸਾਰੇ ਹਨ ਕਿ ਹੁਣ ਅਣਗਿਣਤ ਕੰਪਨੀਆਂ ਆਨਲਾਈਨ ਸ਼ਾਪਿੰਗ ਦੀ ਸ਼ੁਰੂਆਤ ਕਰ ਚੁੱਕੀਆਂ ਹਨ। ਜਿੰਨੀ ਤੇਜ਼ੀ ਨਾਲ ਸ਼ੋਸ਼ਲ ਮੀਡੀਆ ਦਾ ਪ੍ਰਸਾਰ ਹੋਇਆ ਹੈ, ਓਨੀ ਹੀ ਤੇਜ਼ੀ ਨਾਲ ਆਨਲਾਈਨ ਸ਼ਾਪਿੰਗ ਦਾ ਰੁਝਾਨ ਵੀ ਵਧਿਆ ਹੈ। ਕੰਪਨੀਆਂ ਵੱਲੋਂ ਵੱਖ-ਵੱਖ ਚੀਜ਼ਾਂ ਦੀ ਐਡਵਰਟਾਈਜਮੈਂਟ ਲਈ ਸ਼ੋਸ਼ਲ ਮੀਡੀਆ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਸ਼ਾਇਦ ਹੀ ਕੋਈ ਅਜਿਹੀ ਚੀਜ਼ ਹੋਵੇਗੀ ਜੋ ਆਨਲਾਈਨ ਸ਼ਾਪਿੰਗ ਸਾਈਟਸ 'ਤੇ ਉਪਲਬਧ ਨਾ ਹੋਵੇ। ਆਨਲਾਈਨ ਸ਼ਾਪਿੰਗ ਦਾ ਰੁਝਾਨ ਹੁਣ ਪਿੰਡਾਂ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਮਾਂ ਦੀ ਮੌਤ, ਸੜਕ ਕਿਨਾਰੇ ਵਿਲਕਦੇ ਰਹੇ ਬੱਚੇ

ਤਿਉਹਾਰਾਂ ਦੇ ਸੀਜ਼ਨ 'ਚ ਵੀ ਮਾਯੂਸ ਹਨ ਦੁਕਾਨਦਾਰ

ਦੁਕਾਨਦਾਰਾਂ ਨੇ ਦੱਸਿਆ ਕਿ ਬੇਸ਼ੱਕ ਅੱਜ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਜ਼ਿਆਦਾ ਕਾਰੋਬਾਰ ਹੋਣ ਦੀ ਉਮੀਦ ਨਹੀਂ ਹੈ। ਇਸ ਤੋਂ ਪਹਿਲਾਂ ਗਰਮੀ ਦਾ ਸੀਜਨ ਵੀ ਉਨਾਂ ਲਈ ਜ਼ਿਆਦਾ ਵਧੀਆ ਨਹੀਂ ਰਿਹਾ। ਜਿਹੜੇ ਦੁਕਾਨਦਾਰਾਂ ਨੇ ਕਰੋੜਾਂ ਰੁਪਏ ਖ਼ਰਚ ਕਰਕੇ ਸ਼ੋਅ ਰੂਮ ਖੋਲ੍ਹੇ ਹੋਏ ਹਨ, ਉਨਾਂ ਵਿਚੋਂ ਕਈ ਲੋਕਾਂ ਦੇ ਖ਼ਰਚੇ ਵੀ ਬਹੁਤ ਮੁਸ਼ਕਿਲ ਨਾਲ ਪੂਰੇ ਹੋ ਰਹੇ ਹਨ। ਮਾਰਕੀਟ ਵਿਚ ਕੰਪੀਟੀਸ਼ਨ ਜ਼ਿਆਦਾ ਹੋਣ ਕਾਰਨ ਮੁਨਾਫ਼ਾ ਘੱਟ ਰਹਿ ਗਿਆ ਹੈ।

ਇਹ ਵੀ ਪੜ੍ਹੋ-  ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ

ਕਈ ਪੱਖਾਂ ਤੋਂ ਨੁਕਸਾਨਦੇਹ ਵੀ ਹੈ ਆਨਲਾਈਨ ਸ਼ਾਪਿੰਗ

ਗੁਰਦਾਸਪੁਰ ਦੇ ਉਘੇ ਕਾਰੋਬਾਰੀ ਸੁਮਿਤ ਮਹਾਜਨ ਨੇ ਕਿਹਾ ਕਿ ਭਾਵੇਂ ਲੋਕ ਆਨਲਾਈਨ ਸ਼ਾਪਿੰਗ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ ਪਰ ਕਈ ਸ਼ਾਪਿੰਗ ਸਾਈਟਸ ਅਜਿਹੀਆਂ ਹਨ, ਜਿਨਾਂ ਦੀ ਕੋਈ ਭਰੋਸੇਯੋਗਤਾ ਨਾ ਹੋਣ ਕਾਰਨ ਲੋਕਾਂ ਨਾਲ ਧੋਖੇ ਹੋ ਚੁੱਕੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੁਕਾਨਾਂ ਤੋਂ ਸਾਮਾਨ ਖ਼ਰੀਦਣ ਨੂੰ ਤਰਜੀਹ ਦੇਣ। ਖ਼ਾਸ ਤੌਰ 'ਤੇ ਮੋਬਾਇਲ, ਘੜੀਆਂ ਤੇ ਅਜਿਹੇ ਹੋਰ ਮਹਿੰਗੇ ਪ੍ਰੋਡਕਟਸ ਆਨਲਾਈਨ ਖ਼ਰੀਦਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਕੀ ਕਹਿਣਾ ਹੈ ਵਪਾਰ ਮੰਡਲ ਦੇ ਪ੍ਰਧਾਨ ਦਾ?

ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਆਨ ਲਾਈਨ ਸ਼ਾਪਿੰਗ ਛੋਟੇ ਵਪਾਰੀਆਂ ਦਾ ਲੱਕ ਤੋੜ ਰਹੀ ਹੈ। ਦਰਸ਼ਨ ਮਹਾਜਨ ਨੇ ਆਨਲਾਈਨ ਸ਼ਾਪਿੰਗ ਘੱਟ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਵਪਾਰੀਆਂ ਦੀਆਂ ਮੁਸ਼ਕਲਾਂ ਹੱਲ ਕਰੇ ਅਤੇ ਦੁਕਾਨਦਾਰਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇ। 10-10 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ ਅਤੇ ਬਿਜਲੀ ਦੇ ਕਮਰਸ਼ੀਅਲ ਰੇਟਾਂ ਨੂੰ ਬਦਲ ਕੇ ਇੰਡਸਟਰੀ ਰੇਟ ਕੀਤਾ ਜਾਵੇ। ਜੀ.ਐੱਸ.ਟੀ. ਨੰਬਰ ਲੈਣ 'ਤੇ ਸੀਮਾ 40 ਲੱਖ ਰੁਪਏ ਤੋਂ ਵਧਾ ਕੇ 1.5 ਕਰੋੜ ਰੁਪਏ ਕੀਤਾ ਜਾਵੇ। ਜੀ.ਐੱਸ.ਟੀ. ਸਲੈਬ 5 ਤੋਂ 12 ਪ੍ਰਤੀਸ਼ਤ ਰੱਖੀ ਜਾਵੇ । 28 ਪ੍ਰਤੀਸ਼ਤ ਸਲੈਬ ਨੂੰ ਖਤਮ ਕਰ ਦਿੱਤਾ ਜਾਵੇ। ਇਸ ਨਾਲ ਟੈਕਸ ਦੀ ਚੋਰੀ ਰੁਕੇਗੀ ਅਤੇ ਸਰਕਾਰ ਦਾ ਬਣਦਾ ਟੈਕਸ ਵੀ ਘੱਟ ਨਹੀਂ ਹੋਵੇਗਾ।

ਦਵਾਈਆਂ ਦੇ ਕਾਰੋਬਾਰ 'ਤੇ ਹਨ ਆਨਲਾਈਨ ਡਲਿਵਰੀ ਦੇ ਕਾਲੇ ਬੱਦਲ

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜ਼ਿਲ੍ਹਾ ਜਰਨਲ ਸਕੱਤਰ ਪ੍ਰਭਜਿੰਦਰ ਆਨੰਦ ਨੇ ਕਿਹਾ ਕਿ ਦਵਾਈਆਂ ਦੇ ਕਾਰੋਬਾਰ 'ਤੇ ਵੀ ਆਨਲਾਈਨ ਡਲਿਵਰੀ ਦੇ ਕਾਲੇ ਬੱਦਲ ਛਾਏ ਹਨ। ਉਨਾਂ ਕਿਹਾ ਕਿ ਵੈਸੇ ਤੇ ਮਦਰਾਸ ਤੇ ਦਿੱਲੀ ਹਾਈਕੋਰਟ ਨੇ ਨਿਰਦੇਸ਼ ਦਿੱਤੇ ਸਨ ਕਿ ਦਵਾਈਆਂ ਦੀ ਆਨਲਾਈਨ ਵਿਕਰੀ ਲਈ ਸਰਕਾਰ ਪਹਿਲਾਂ ਠੋੋਸ ਨੀਤੀ ਬਣਾਏ ਪਰ ਕਰੋਨਾ ਵਾਇਰਸ ਵਿਚ ਆਨਲਾਈਨ ਡਿਲਿਵਰੀ ਕਰਨ ਦੀ ਆੜ ਹੇਠ ਹੁਣ ਤੱਕ ਦਵਾਈਆਂ ਦੀ ਘਰੋ ਘਰੀ ਸਪਲਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅੰਦਰ ਕੈਮਿਸਟ ਸੰਘਰਸ਼ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਇਹ ਰੁਝਾਨ ਨਹੀਂ ਰੁੱਕ ਰਿਹਾ, ਜਿਸ ਕਾਰਨ ਨਾ ਸਿਰਫ਼ ਕਾਨੂੰਨਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ ਸਗੋਂ ਕੈਮਿਸਟਾਂ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan