ਪੰਜਾਬ ’ਚ ਚੱਲ ਰਹੇ 10 ਮੈਰੀਟੋਰੀਅਸ ਸਕੂਲ ਬੰਦ ਹੋਣ ਦੇ ਕੰਢੇ ’ਤੇ

12/12/2018 3:55:01 AM

 ਗੁਰਦਾਸਪੁਰ, (ਵਿਨੋਦ)- ਪੰਜਾਬ ’ਚ ਚੱਲ ਰਹੇ 10 ਮੈਰੀਟੋਰੀਅਸ ਸਕੂਲਾਂ ਨੂੰ ਪੰਜਾਬ ਸਰਕਾਰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਸ ਸਮੇਂ ਪੰਜਾਬ ਦੇ ਇਨ੍ਹਾਂ ਦਸ ਸਕੂਲਾਂ ’ਚ ਦਾਖ਼ਲਾ ਲੈਣ ਵਾਲੇ ਬੱਚਿਆਂ ਦਾ ਰੁਝਾਨ ਘੱਟ ਹੁੰਦਾ ਜਾ ਰਿਹਾ ਹੈ ,ਜਿਸ ਤਰ੍ਹਾਂ ਨਾਲ ਇਨ੍ਹਾਂ ਸਕੂਲਾਂ ’ਤੇ ਖਰਚ ਆ ਰਿਹਾ ਹੈ ਉਸ ਦੇ ਮੁਕਾਬਲੇ ਸਕੂਲਾਂ ਤੋਂ ਨਤੀਜੇ ਨਹੀਂ ਮਿਲ ਰਹੇ ਹਨ।  ਜਾਣਕਾਰੀ ਅਨੁਸਾਰ ਪੰਜਾਬ ’ਚ ਚੱਲ ਰਹੇ 10 ਮੈਰੀਟੋਰੀਅਸ ਸਕੂਲਾਂ ’ਚ ਕੁੱਲ 4600 ਸੀਟਾਂ ਹਨ , ਜਿਨ੍ਹਾਂ ’ਚ ਕੇਵਲ ਤਲਵਾਡ਼ਾ ’ਚ 100 ਸੀਟਾਂ ਹਨ, ਜਦਕਿ ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਹਾਲੀ, ਜਲੰਧਰ, ਬਠਿੰਡਾ ਅਤੇ ਲੁਧਿਆਣਾ ’ਚ ਚੱਲ ਰਹੇ ਇਨ੍ਹਾਂ ਸਕੂਲਾਂ ’ਚ 500-500 ਸੀਟਾਂ ਖਾਲੀ ਹਨ। ਜਲੰਧਰ, ਲੁਧਿਆਣਾ, ਤਲਵਾਡ਼ਾ ਅਤੇ ਬਠਿੰਡਾ ਨੂੰ ਛੱਡ ਕੇ ਹੋਰ ਸਾਰੇ ਮੈਰੀਟੋਰੀਅਸ ਸਕੂਲਾਂ ’ਚ ਸੀਟਾਂ ਖਾਲੀ ਹਨ। ਗੁਰਦਾਸਪੁਰ ’ਚ ਖਾਲੀ ਸੀਟਾਂ ਦੀ ਗਿਣਤੀ 117 ਹੈ ਜਦਕਿ ਫਿਰੋਜ਼ਪੁਰ ’ਚ 40 ,ਅੰਮ੍ਰਿਤਸਰ ’ਚ 27, ਸੰਗਰੂਰ ’ਚ 24, ਪਟਿਆਲਾ ’ਚ 5, ਮੋਹਾਲੀ ’ਚ 3, ਜਲੰਧਰ ’ਚ 3 ਸੀਟਾਂ ਖਾਲੀ ਹਨ। ਕੁੱਲ ਖਾਲੀ 219 ਸੀਟਾਂ ’ਚੋਂ 200 ਸੀਟਾਂ ਮੈਡੀਕਲ ਵਿਸ਼ੇ ਦੀਆਂ ਹਨ।
 ਇਨ੍ਹਾਂ ਸਕੂਲਾਂ ਦਾ ਖਰਚ ਬਰਦਾਸ਼ਤ ਨਹੀਂ ਕਰ ਪਾ ਰਹੀ ਸਰਕਾਰ  
 ਇਨ੍ਹਾਂ ਸਕੂਲਾਂ ’ਚ ਹੋਸਟਲ ਸਹੂਲਤ ਹੈ ਅਤੇ ਸਾਰੇ ਵਿਦਿਆਰਥੀ ਹੋਸਟਲਾਂ ’ਚ ਰਹਿੰਦੇ ਹਨ, ਜਿਸ ਕਾਰਨ ਰਹਿਣਾ, ਸਿੱਖਿਆ, ਖਾਣਾ, ਯੂਨੀਫਾਰਮ ਆਦਿ ਦਾ ਸਾਰਾ ਖਰਚ ਸਰਕਾਰ ਉਠਾਉਂਦੀ ਹੈ, ਜਿਸ ’ਤੇ ਸਰਕਾਰ ਦਾ ਇਕ ਵਿਦਿਆਰਥੀ ’ਤੇ ਲਗਭਗ 2 ਲੱਖ ਰੁਪਏ ਸਾਲਾਨਾ ਖਰਚ ਆਉਂਦਾ ਹੈ। ਇਨ੍ਹਾਂ ਸਾਰੇ ਸਕੂਲਾਂ ’ਚ ਸਥਾਈ ਇਕ ਵੀ ਪ੍ਰਿੰਸੀਪਲ ਨਹੀਂ ਹੈ ਅਤੇ ਸਾਰੇ ਸਕੂਲਾਂ ਦਾ ਅੈਡੀਸ਼ਨਲ ਚਾਰਜ ਹੋਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਦਿੱਤਾ ਹੋਇਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਸਕੂਲਾਂ ’ਚ ਇਕ ਵਿਦਿਆਰਥੀ ’ਤੇ ਲਗਭਗ 2 ਲੱਖ ਰੁਪਏ ਖਰਚ ਕਰਨ ਦੇ ਬਾਵਜੂਦ ਜਦ ਇਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦੀਆਂ ਸਾਰੀਆਂ ਸੀਟਾਂ ਨਹੀਂ ਭਰ ਪਾਉਂਦੀਆਂ ਹਨ ਤਾਂ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ, ਜਿਸ ਕਾਰਨ 28 ਨਵੰਬਰ ਨੂੰ ਸਿੱਖਿਆ ਵਿਭਾਗ ਦੀ ਚੰਡੀਗਡ਼੍ਹ ’ਚ ਆਯੋਜਿਤ ਉੱਚ ਪੱਧਰੀ ਮੀਟਿੰਗ ’ਚ ਇਨ੍ਹਾਂ ਮੈਰੀਟੋਰੀਅਸ ਸਕੂਲਾਂ ਨੂੰ ਬੰਦ ਕਰਨ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ, ਪਰ ਕਿਸੇ ਨਤੀਜੇ ’ਤੇ ਗੱਲ ਨਹੀਂ ਪਹੁੰਚੀ ਹੈ। 
ਇਕ ਤਾਂ ਇਨ੍ਹਾਂ ਸਕੂਲਾਂ ’ਚ ਸਿੱਖਿਆ ਪੂਰੀ ਕਰਨ ਦੇ ਬਾਅਦ ਇਕ ਵੀ ਸੰਸਥਾ ਅਜਿਹੀ ਨਹੀਂ ਹੈ ਜੋ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਉੱਚ ਸਿੱਖਿਆ ਦਿਵਾਏ। ਦੂਜਾ ਇਨ੍ਹਾਂ ਸਕੂਲਾਂ ’ਚ ਅਧਿਆਪਕਾਂ ਦੀ ਕਮੀ ਦੇ ਚਲਦੇ ਵੀ ਕੁੱਝ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉੱਚ ਪੱਧਰੀ ਮੀਟਿੰਗ ਆਯੋਜਿਤ ਕਰਕੇ ਸੁਧਾਰ ਕਰਨ ਦੇ ਲਈ ਕਦਮ ਉਠਾਏ ਜਾਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਗਾਮੀ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ’ਚ ਕਿਸੇ ਵੀ ਹਾਲਤ ’ਚ ਨਕਲ ਨਹੀਂ ਚੱਲਣ ਦਿੱਤੀ ਜਾਵੇਗੀ।
-ਮਨੋਹਰ ਕਾਂਤ ਲੋਹੀਆ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ।