ਕਿਸਾਨਾਂ ਮਜ਼ਦੂਰਾਂ ਨੇ ਅੰਦੋਲਨ ਦੇ 11ਵੇਂ ਦਿਨ ਫੂਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ

06/21/2020 6:25:09 PM

ਤਰਨਤਾਰਨ, (ਰਾਜੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਕਿਸਾਨਾਂ ਮਜ਼ਦੂਰਾਂ ਵਲੋਂ ਅੰਦੋਲਨ ਦੇ 11ਵੇਂ ਦਿਨ ਵੱਡੇ ਇਕੱਠ ਕਰਕੇ ਮੋਦੀ ਅਤੇ ਕੈਪਟਨ ਸਰਕਾਰ ਦੇ ਪੁਤਲੇ ਸਾਡ਼ਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸੰਘਰਸ਼ਾਂ ਦੇ ਨਾਇਕਾਂ ਦੀਆਂ ਯਾਦਗਾਰਾਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੇ ਰੋਸ ਵਜੋਂ ਮੋਗਾ ਵਿਚ ਸ਼ਾਂਤਮਈ ਧਰਨਾ ਦੇ ਰਹੇ ਕਿਸਾਨ ਆਗੂਆਂ ਨੂੰ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੁੱਡੀਕੇ ਸਮੇਤ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਭਾਜਪਾ ਤੇ ਅਕਾਲੀ ਦਲ ਵਲੋਂ ਕੀਤੇ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸਣ ਲਈ ਉੱਘੇ ਖੇਤੀ ਮਾਹਿਰ ਦਾ ਸਹਾਰਾ ਲੈ ਕੇ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਉਕਤ ਆਰਡੀਨੈਂਸ ਜਿਵੇਂ ਜਰੂਰੀ ਵਸਤਾਂ ਨਿਯਮ 1955 ਸੋਧ ਆਰਡੀਨੈਂਸ 2020, ਕਿਸਾਨ ਉਪਜ ਵਣਜ ਵਪਾਰ 2020 ਤੇ ਕੀਮਤ ਗਰੰਟੀ ਖੇਤੀ ਸੇਵਾਵਾਂ ਆਰਡੀਨੈਂਸ 2020 ਨੂੰ ਤੁਰੰਤ ਰੱਦ ਕੀਤਾ ਜਾਵੇ, ਬਿਜਲੀ ਸੋਧ ਬਿੱਲ 2020 ਦਾ ਖਰਡ਼ਾ ਤੇ ਪੰਜਾਬ ਸਰਕਾਰ ਵਲੋਂ 14 ਅਗਸਤ 2017 ਨੂੰ ਏ.ਪੀ.ਐੱਮ.ਸੀ. ਐਕਟ ਵਿਚ ਕਿਸਾਨ ਵਿਰੋਧੀ ਕੀਤੀ ਸੋਧ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਰੱਦ ਕੀਤਾ ਜਾਵੇ, ਤੇਲ ਪਦਾਰਥਾਂ ਦੀਆਂ ਕੀਮਤਾਂ ਨੂੰ ਸਰਕਾਰੀ ਕੰਟਰੋਲ ਹੇਠ ਕਰਜੇ ਡੀਜ਼ਲ 25 ਰੁਪਏ ਤੇ ਪੈਟਰੋਲ 35 ਰੁਪਏ ਕੀਤਾ ਜਾਵੇ, ਕਾਰਪੋਰੇਟ ਖੇਤੀ ਮਾਡਲ ਦੀ ਥਾਂ ਉੱਤੇ ਸਹਿਕਾਰੀ ਖੇਤੀ ਮਾਡਲ ਸਥਾਪਤ ਕਰਕੇ ਛੋਟੀਆਂ ਸਨਅਤਾਂ ਪਿੰਡਾਂ ਵਿਚ ਲਾਉਣ ਤੇ ਸਹਿਕਾਰੀ ਖੇਤੀ ਕਰਵਾਉਣ ਦੇ ਕਾਨੂੰਨ ਪਾਸ ਕੀਤੇ ਜਾਣ। ਇਸ ਮੌਕੇ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਜਰਮਨਜੀਤ ਸਿੰਘ ਬੰਡਾਲਾ, ਪ੍ਰਮਜੀਤ ਸਿੰਘ ਜੱਬੋਵਾਲ, ਗੁਰਮੇਲ ਸਿੰਘ ਰੇਡ਼ਵਾਂ, ਦਲਬੀਰ ਸਿੰਘ, ਸਲਵਿੰਦਰ ਸਿੰਘ ਜਾਣੀਆਂ, ਲਖਬੀਰ ਸਿੰਘ ਬੂਟੀਆਵਾਲ, ਸੁਖਵਿੰਦਰ ਸਿੰਘ ਕੁਹਾਲਾ, ਮੰਗਲ ਸਿੰਘ ਸਵਾਈਕੇ, ਗੁਰਨਾਮ ਸਿੰਘ ਅਲੀਕੇ, ਬਲਬੀਰ ਸਿੰਘ ਬਾਰੇਕੇ, ਬਲਕਾਰ ਸਿੰਘ ਜੋਗੇਵਾਲਾ, ਸੁਖਵੰਤ ਸਿੰਘ ਲੌਹਕਾ, ਸੁਰਿੰਦਰ ਸਿੰਘ ਘੁੱਦੂਵਾਲਾ ਆਦਿ ਨੇ ਵੀ ਸੰਬੋਧਨ ਕੀਤਾ।

Bharat Thapa

This news is Content Editor Bharat Thapa