ਕਤਲ ਕਰ ਕੇ ਫਰਾਰ ਹੋਏ ਦੋਸ਼ੀ ਨੂੰ ਪੁਲਸ ਨੇ ਚਾਰ ਘੰਟਿਆਂ ''ਚ ਕੀਤਾ ਗ੍ਰਿਫਤਾਰ

08/18/2020 7:02:24 PM

ਗੁਰਦਾਸਪੁਰ,(ਵਿਨੋਦ)-ਸਥਾਨਕ ਬਹਿਰਾਮਪੁਰ ਰੋਡ 'ਤੇ ਇਕ ਨਸ਼ੇੜੀ ਨੇ ਆਪਣੇ ਹੀ ਰਿਸ਼ਤੇਦਾਰ ਦੇ ਸਿਰ 'ਤੇ ਇੱਟ ਮਾਰ ਕੇ ਕਤਲ ਕਰ ਦਿੱਤਾ। ਹਾਲਾਂਕਿ ਪੁਲਸ ਨੇ ਦੋਸ਼ੀ ਨੂੰ ਘਟਨਾ ਦੇ ਚਾਰ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕਰ ਲਈ। ਦੋਸ਼ੀ ਖਿਲਾਫ ਲੁਧਿਆਣਾ 'ਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਡਾ.ਰਜਿੰਦਰ ਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਨੌਜਵਾਨ ਟਿੰਕੂ ਪੁੱਤਰ ਕੁਲਦੀਪ ਸਿੰਘ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਪੁਲਸ ਨੂੰ ਬੀਤੀ ਰਾਤ ਲਗਭਗ 11.30 ਵਜੇ ਸੂਚਿਤ ਕੀਤਾ ਸੀ ਕਿ ਇਕ ਦੋਸ਼ੀ ਬਬਲੂ ਨੇ ਉਸ ਦੇ ਭਰਾ ਸਮਸ਼ੇਰ ਸਿੰਘ ਦੇ ਸਿਰ 'ਤੇ ਇੱਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦੋਸ਼ੀ ਬਬਲੂ ਮੌਕੇ ਤੋਂ ਆਪਣੀ ਪਤਨੀ ਸਮੇਤ ਭੱਜ ਗਿਆ ਹੈ। ਸੂਚਨਾ ਮਿਲਦੇ ਹੀ ਸਿਟੀ ਪੁਲਸ ਸਟੇਸ਼ਨ ਇੰਚਾਰਜ਼ ਜਬਰਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਸੋਹਲ ਨੇ ਦੱਸਿਆ ਕਿ ਟਿੰਕੂ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੇ ਭਰਾ ਸਮਸ਼ੇਰ ਸਿੰਘ ਨੇ ਘਰ 'ਚ ਪੀਰ ਬਾਬੇ ਦਾ ਸਥਾਨ ਬਣਾ ਰੱਖਿਆ ਹੈ ਅਤੇ ਲੋਕ ਉਥੇ ਮੱਥਾ ਟੇਕਣ ਦੇ ਲਈ ਆਉਂਦੇ ਹਨ। ਬੀਤੀ ਰਾਤ ਵੀ ਉਨ੍ਹਾਂ ਦਾ ਜੀਜਾ ਵਿਨੇ ਕੁਮਾਰ ਵਾਸੀ ਲੁਧਿਆਣਾ ਅਤੇ ਉਨ੍ਹਾਂ ਦੇ ਭਰਾ ਸਮਸ਼ੇਰ ਸਿੰਘ ਦਾ ਦੂਰ ਦਾ ਰਿਸ਼ਤੇਦਾਰ ਨਵਜੋਤ ਸਿੰਘ ਉਰਫ਼ ਬਬਲੂ ਨਿਵਾਸੀ ਕਪੂਰਥਲਾ ਵੀ ਆਪਣੀ ਪਤਨੀ ਦੇ ਨਾਲ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਰਾਤ ਲਗਭਗ 11.30 ਵਜੇ ਸਮਸ਼ੇਰ ਸਿੰਘ, ਵਿਨੇ ਕੁਮਾਰ ਅਤੇ ਦੋਸ਼ੀ ਨਵਜੋਤ ਸਿੰਘ ਉਰਫ ਬਬਲੂ ਪੀਰ ਬਾਬੇ ਵਾਲੇ ਕਮਰੇ 'ਚ ਸ਼ਰਾਬ ਪੀ ਰਹੇ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਸਮਸ਼ੇਰ ਸਿੰਘ ਅਤੇ ਨਵਜੋਤ ਸਿੰਘ ਵਿਚਾਲੇ ਤਕਰਾਰ ਹੋ ਗਈ। ਗੱਲ ਜਦ ਹੱਥੋਂਪਾਈ ਤੱਕ ਪਹੁੰਚ ਗਈ ਤਾਂ ਸਮਸ਼ੇਰ ਸਿੰਘ ਉਥੋਂ ਉੱਠ ਕੇ ਨਾਲ ਵਾਲੇ ਕਮਰੇ ਵਿਚ ਚਲਾ ਗਿਆ। ਜਿਸ ਤੇ ਨਵਜੋਤ ਸਿੰਘ ਉਰਫ਼ ਬਬਲੂ ਵੀ ਉਸ ਦੇ ਪਿਛੇ ਚਲਾ ਗਿਆ ਅਤੇ ਕਮਰੇ ਦੇ ਬਾਹਰ ਪਈ ਇੱਟ ਨੂੰ ਲੈ ਕੇ ਉਸ ਨੇ ਸਮਸੇਰ ਸਿੰਘ ਦੇ ਸਿਰ ਤੇ ਵਾਰ ਕੀਤਾ। ਜਿਸ ਨਾਲ ਸਮਸੇਰ ਸਿੰਘ ਦੀ ਮੌਤ ਹੋ ਗਈ ਅਤੇ ਦੋਸ਼ੀ ਆਪਣੀ ਪਤਨੀ ਸਮੇਤ ਉਥੋਂ ਭੱਜ ਗਿਆ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਪੁਲਸ ਸਟੇਸ਼ਨ ਇੰਚਾਰਜ਼ ਜਬਰਜੀਤ ਸਿੰਘ ਨੇ ਇਸ ਸਬੰਧੀ ਦੋਸ਼ੀ ਨਵਜੋਤ ਸਿੰਘ ਉਰਫ ਬਬਲੂ ਦੇ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ ਦੋਸ਼ੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਅਤੇ ਰਾਤ ਨੂੰ ਹੀ ਕਿਸੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਦੋਸ਼ੀ ਨਵਜੋਤ ਸਿੰਘ ਉਰਫ ਬਬਲੂ ਨੂੰ ਡੀ. ਪੀ. ਐੱਸ. ਸਕੂਲ ਬਹਿਰਾਮਪੁਰ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ।


Deepak Kumar

Content Editor

Related News