ਨੌਜਵਾਨ ਵਲੋਂ ਖੁਦਕੁਸ਼ੀ ਦੀ ਵੀਡੀਓ ਆਈ ਸਾਹਮਣੇ, ਪਰਿਵਾਰ ਨੇ ਕੀਤੀ ਦੋਸ਼ੀਆਂ ਖਿਲਾਫ ਕੀਤੀ ਸ਼ਿਕਾਇਤ

05/22/2019 11:34:11 AM

ਅੰਮ੍ਰਿਤਸਰ, (ਸੰਜੀਵ)— ਆਤਮਹੱਤਿਆ ਤੋਂ ਪਹਿਲਾਂ ਬਣਾਈ ਗਈ ਵੀਡੀਓ ਨੇ ਮੰਗਲਵਾਰ ਜਿਥੇ ਪਰਿਵਾਰ ਵਾਲਿਆਂ ਨੂੰ ਆਪਣੇ ਘਰ ਦੇ ਮੈਂਬਰ ਵੱਲੋਂ ਆਤਮਹੱਤਿਆ ਕੀਤੇ ਜਾਣ ਦੇ ਪਿੱਛੇ ਕਾਰਨਾਂ ਦਾ ਪਤਾ ਲੱਗਾ, ਉਥੇ ਹੀ ਉਨ੍ਹਾਂ ਇਸ ਦੀ ਜਾਂਚ ਉਪਰੰਤ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ। ਵੀਡੀਓ 'ਚ ਮਰਨ ਵਾਲਾ ਮਹਿੰਦਰਪਾਲ ਸਿੰਘ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਰੋਡ ਦਾ ਰਹਿਣ ਵਾਲਾ ਹੈ ਅਤੇ ਆਪਣੀ ਮੌਤ ਦੇ ਪਿੱਛੇ ਸ਼ਹਿਰ ਦੇ 4 ਕਾਰੋਬਾਰੀ ਵਿਅਕਤੀਆਂ ਦੇ ਨਾਂ ਲੈ ਰਿਹਾ ਹੈ, ਜਿਨ੍ਹਾਂ ਬਾਰੇ ਉਹ ਇਕ ਸੁਸਾਈਡ ਨੋਟ ਵਿਚ ਵੀ ਲਿਖ ਕੇ ਗਿਆ ਹੈ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੱਚਾਈ ਖੰਗਾਲੀ ਜਾ ਰਹੀ ਹੈ।

ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ- ਮ੍ਰਿਤਕ ਦੀ ਪਤਨੀ ਸੋਨੀਆ ਦਾ ਕਹਿਣਾ ਹੈ ਕਿ 11 ਮਈ ਦੀ ਰਾਤ 9:30 ਵਜੇ ਦੇ ਕਰੀਬ ਉਸ ਦੇ ਪਤੀ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ 2 ਘੰਟੇ ਆਈ. ਸੀ. ਯੂ. 'ਚ ਰੱਖਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਅੰਤਿਮ ਸੰਸਕਾਰ ਤੋਂ ਬਾਅਦ 17 ਮਈ ਨੂੰ ਉਨ੍ਹਾਂ ਦੇ ਪਤੀ ਦਾ ਭੋਗ ਪਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਲੜਕੇ ਨੇ ਆਪਣੇ ਪਿਤਾ ਦੇ ਮੋਬਾਇਲ ਦੀ ਮੰਗ ਕੀਤੀ ਅਤੇ ਜਦੋਂ ਮੋਬਾਇਲ ਉਸ ਨੂੰ ਦਿੱਤਾ ਗਿਆ ਤਾਂ ਉਸ ਨੇ ਉਸ ਨੂੰ ਦੇਖਣਾ ਸ਼ੁਰੂ ਕੀਤਾ ਤਾਂ ਉਸ ਵਿਚੋਂ ਇਕ ਅਜਿਹੀ ਵੀਡੀਓ ਉਨ੍ਹਾਂ ਨੂੰ ਮਿਲੀ, ਜਿਸ ਵਿਚ ਉਸ ਦੇ ਪਤੀ ਸ਼ਹਿਰ ਦੇ ਕੁਝ ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾ ਰਹੇ ਹਨ, ਜਦੋਂ ਉਨ੍ਹਾਂ ਨੂੰ ਇਸ ਵੀਡੀਓ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਅਲਮਾਰੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ, ਜਿਸ ਵਿਚੋਂ ਉਸ ਦੇ ਪਤੀ ਵੱਲੋਂ ਲਿਖਿਆ ਗਿਆ ਇਕ ਸੁਸਾਈਡ ਨੋਟ ਵੀ ਮਿਲਿਆ, ਜਿਸ ਨੂੰ ਅੱਜ ਕਾਨੂੰਨੀ ਕਾਰਵਾਈ ਕਰਨ ਲਈ ਥਾਣਾ ਬੀ-ਡਵੀਜ਼ਨ ਨੂੰ ਦਿੱਤਾ ਗਿਆ ਹੈ।

ਕੀ ਕਹਿਣਾ ਹੈ ਪੁਲਸ ਦਾ?
ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਅਤੇ ਵੀਡੀਓ ਮਿਲ ਚੁੱਕੀ ਹੈ, ਜਿਸ ਦੀ ਅਸਲੀਅਤ ਅਤੇ ਪ੍ਰਮਾਣਿਕਤਾ ਦੀ ਚੰਗੀ ਤਰ੍ਹਾਂ ਜਾਂਚ ਕਰਨ ਉਪਰੰਤ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

KamalJeet Singh

This news is Content Editor KamalJeet Singh