ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

05/07/2022 11:06:31 AM

ਝਬਾਲ (ਨਰਿੰਦਰ) : ਝਬਾਲ ਤੋਂ ਥੋੜੀ ਦੂਰ ਪੰਡੋਰੀ ਤਖ਼ਤ ਮੱਲ ਨੇੜੇ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ’ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਿਜੇ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਰਾਤ ਸਮੇ ਮੋਟਰਸਾਈਕਲ ਨੰ ਪੀ. ਬੀ. 46 ਏ. ਡੀ. 2778 ਤੇ ਸਵਾਰ ਹੋ ਕੇ ਪੰਡੋਰੀ ਤਖ਼ਤ ਮੱਲ ਤੋਂ ਪੰਡੋਰੀ ਰੁਮਾਣਾ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਕਿਸੇ ਅਣਪਛਾਤੇ ਵਾਹਨ ਚਾਲਕ ਵੱਲੋਂ ਸਾਈਡ ਮਾਰਨ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਝਬਾਲ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਦੇ ਐਡੀਸ਼ਨਲ ਮੁਖੀ ਬਲਰਾਜ ਸਿੰਘ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ।

ਇਹ ਵੀ ਪੜ੍ਹੋ : ਮਾਮਲਾ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾਣ ਦਾ : ਪਤਨੀ ਤੋਂ ਬਾਅਦ ਪਤੀ ਨੇ ਵੀ ਤੋੜਿਆ ਦਮ

ਇਸ ਉਪਰੰਤ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਵਿਜੇ ਸਿੰਘ ਦੇ ਵਾਰਸਾਂ ਨੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨਾਲ ਲਾਸ਼ ਨੂੰ ਝਬਾਲ ਚੌਕ ਵਿਚ ਰੱਖ ਕੇ ਟ੍ਰੈਫਿਕ ਜਾਮ ਕਰ ਕੇ ਧਰਨਾ ਲਾ ਕੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਤੇ ਮਾਤਾ ਕੰਵਲਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਅੰਮ੍ਰਿਤਸਰ ਤੋਂ ਕੰਮ ਤੋਂ ਘਰ ਪਰਤਿਆ ਸੀ, ਪਿੰਡ ਦੇ ਹੀ ਉਸ ਦੇ 4 ਦੋਸਤ ਉਸ ਨੂੰ ਘਰੋਂ ਆਵਾਜ਼ ਮਾਰ ਕੇ ਆਪਣੇ ਨਾਲ ਲੈ ਗਏ। ਦੇਰ ਰਾਤ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਰਸਤੇ ’ਚ ਐਕਸੀਡੈਟ ਹੋ ਗਿਆ ਹੈ, ਜਿਸ ਕਰਕੇ ਉਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਹੈ। ਜਦੋਂ ਕਿ ਉਸ ਨੂੰ ਘਰੋਂ ਆਵਾਜ਼ ਮਾਰ ਕੇ ਲੈ ਕੇ ਗਏ ਦੋਸਤਾਂ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਅਤੇ ਨਾ ਹੀ ਉਨ੍ਹਾਂ ਉਸ ਬਾਰੇ ਆ ਕੇ ਕੁਝ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ ਪੱਕਾ ਸ਼ੱਕ ਹੈ ਕਿ ਉਸ ਦੇ ਦੋਸਤਾਂ ਨੇ ਉਸ ਦਾ ਕਤਲ ਕਰਕੇ ਐਕਸੀਡੈਂਟ ਦਾ ਰੂਪ ਮਿਥੀ ਸਾਜਿਸ਼ ਤਹਿਤ ਦਿੱਤਾ ਹੈ, ਜਿਸ ਕਰ ਕੇ ਪੁਲਸ ਉਨ੍ਹਾਂ ਚਾਰਾਂ ਵਿਅਕਤੀਆਂ ਵਿਰੁੱਧ 302 ਦਾ ਕੇਸ ਦਰਜ ਕਰੇ, ਜਦੋਂ ਕਿ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਐਕਸੀਡੈਂਟ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪੁਲਸ ਕਤਲ ਕੇੇਸ ਦਰਜ ਨਹੀਂ ਕਰਦੀ ਅਸੀਂ ਲਾਸ਼ ਦਾ ਸਸਕਾਰ ਨਹੀ ਕਰਾਂਗੇ।

ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ

ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਰਾਜ ਸਿੰਘ ਦਾ ਕਹਿਣਾ ਹੈ ਕਿ ਮੌਕੇ ਦੇ ਹਾਲਾਤਾਂ ਮੁਤਾਬਕ ਨੌਜਵਾਨ ਦਾ ਐਕਸੀਡੈਂਟ ਹੋਇਆ ਲਗਦਾ ਹੈ ਅਤੇ ਖੁਦ ਮ੍ਰਿਤਕ ਦੇ ਵਾਰਸਾਂ ਨੇ ਹੀ ਜੋ ਮੁਕਦਮਾ ਐਕਸੀਡੈਂਟ ਦਾ ਦਰਜ ਹੋਇਆ ਹੈ, ’ਚ ਬਿਆਨ ਦੇ ਕੇ ਕੇਸ ਦਰਜ ਕਰਵਾਇਆ ਹੈ, ਪ੍ਰੰਤੂ ਹੁਣ ਕਹਿੰਦੇ ਕਿ ਇਹ ਕਤਲ ਕੇਸ ਹੈ। ਅਸੀਂ ਮੌਜੂਦਾ ਸਥਿਤੀ ਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਮੌਕੇ ਅਨੁਸਾਰ ਕੇਸ ਦਰਜ ਕਰ ਦਿੱਤਾ ਹੈ ਬਾਕੀ ਹੁਣ ਜੋ ਪੋਸਟ ਮਾਰਟਮ ਦੀ ਰਿਪੋਰਟ ਆਵੇਗੀ, ਉਸ ਅਨੁਸਾਰ ਅਸੀਂ ਕੇਸ ਵਿਚ ਵਾਧਾ ਕਰ ਦਿਆਂਗੇ। ਓਧਰ ਡੀ. ਐੱਸ. ਪੀ. ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੁਣੇ ਹੀ ਆਇਆ ਹੈ, ਜਿਸ ਬਾਰੇ ਸਾਰੀ ਜਾਣਕਾਰੀ ਉਹ ਪਤਾ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News