2 ਦਰਜਨ ਤੋਂ ਵੱਧ ਲੋਕ ਖੂਨੀ ਡੋਰ ਦੀ ਲਪੇਟ ’ਚ ਆਉਣ ਨਾਲ ਹੋਏ ਜ਼ਖਮੀ

01/14/2019 5:16:16 AM

ਅੰਮ੍ਰਿਤਸਰ,   (ਦਲਜੀਤ)-  ਜ਼ਿਲਾ ਪ੍ਰਸ਼ਾਸਨ ਵੱਲੋਂ ਰੋਕ ਦੇ ਬਾਵਜੂਦ ਲੋਕਾਂ ਨੇ ਅੱਜ ਚਾਈਨਾ ਡੋਰ ਨਾਲ ਪਤੰਗਬਾਜ਼ੀ ਕੀਤੀ। ਇਸ ਖੂਨੀ ਡੋਰ ਨਾਲ 2 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ, ਕਿਸੇ ਦੀ ਗਰਦਨ ਕੱਟੀ ਗਈ ਤਾਂ ਕਿਸੇ ਦੀ ਉਂਗਲ। ਜ਼ਖਮੀ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਤੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਅਧੀਨ ਹਨ। ਜਾਣਕਾਰੀ ਅਨੁਸਾਰ ਰੋਕ ਦੇ ਬਾਵਜੂਦ ਅੱਜ ਲੋਹਡ਼ੀ ਦੇ ਤਿਉਹਾਰ ’ਤੇ ਚਾਈਨਾ ਡੋਰ ਦਾ ਖੁੱਲ੍ਹੇਆਮ ਇਸਤੇਮਾਲ ਹੁੰਦਾ ਦੇਖਿਆ ਗਿਆ। ਖੂਨੀ ਡੋਰ ਦੀ ਲਪੇਟ ’ਚ ਆਉਣ ਨਾਲ ਨਿਊ ਅੰਮ੍ਰਿਤਸਰ ਵਾਸੀ ਬਲਦੇਵ ਸਿੰਘ ਦੀ ਗਰਦਨ ਕੱਟੀ ਗਈ। ਉਸ ਨੇ ਦੱਸਿਆ ਕਿ ਉਹ ਭੰਡਾਰੀ ਪੁਲ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਇਸ ਦੌਰਾਨ ਚਾਈਨਾ ਡੋਰ ਇਕਦਮ ਅੱਗੇ ਆ ਗਈ ਤੇ ਉਸ ਦੀ ਗਰਦਨ ਕੱਟੀ ਗਈ, ਜਿਸ ’ਤੇ 4 ਟਾਂਕੇ ਲਾਏ ਗਏ। 
®ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ 55 ਸਾਲਾ ਇੰਦਰਜੀਤ ਸਿੰਘ ਵਾਸੀ ਗੁਰੂ ਦਾ ਬਾਗ ਪਿੰਡ ਕੂਕੇਵਾਲ  ਦੇ ਸੱਜੇ ਹੱਥ ਦੀ ਉਂਗਲ ਡੋਰ ਵਿਚ ਫਸ ਕੇ ਕੱਟੀ ਗਈ। ਉਨ੍ਹਾਂ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਅੰਮ੍ਰਿਤਸਰ ਆ ਰਹੇ ਸਨ, ਰਸਤੇ ’ਚ ਚਾਈਨਾ ਡੋਰ ਉਨ੍ਹਾਂ ਦੇ ਹੱਥ ’ਚ ਫਸ ਗਈ ਤੇ ਉਂਗਲੀ ਨੂੰ ਜ਼ਖਮੀ ਕਰ ਗਈ।  ਉਹ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ ਤੇ ਇਲਾਜ ਕਰਵਾਇਆ। ਇੰਝ ਹੀ ਇਕ ਹੋਰ ਮਾਮਲੇ ’ਚ 11 ਸਾਲਾ ਸ਼ੁਭਮ ਦਾ ਕੰਨ ਕੱਟਿਆ ਗਿਆ। ਉਸ ਦੇ ਪਿਤਾ ਰਾਜੀਵ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਸਾਮਾਨ ਲੈਣ ਬਾਜ਼ਾਰ ਜਾ ਰਿਹਾ ਸੀ, ਇਸ ਦੌਰਾਨ ਚਾਈਨਾ ਡੋਰ ਮੋਟਰਸਾਈਕਲ ਅੱਗੇ ਆ ਗਈ, ਜਿਸ ਨੇ ਮੂਹਰੇ ਬੈਠੇ ਉਸ ਦੇ ਬੇਟੇ ਸ਼ੁਭਮ ਦਾ ਕੰਨ ਕੱਟ ਦਿੱਤਾ, ਜਿਸ ’ਤੇ 3 ਟਾਂਕੇ ਲੱਗੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਤੇ ਸਿਵਲ ਹਸਪਤਾਲ ’ਚ ਲੋਕ ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਆਪਣਾ ਇਲਾਜ ਕਰਵਾ ਰਹੇ ਹਨ।
 


Related News