ਮੋਦੀ ਜਿਦ ਛੱਡ ਕੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ : ਬੀਬੀ ਜਗੀਰ ਕੌਰ

12/17/2020 11:22:34 AM

ਅੰਮ੍ਰਿਤਸਰ(ਦੀਪਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਨਿਯੁਕਤ ਹੋਣ ’ਤੇ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵਿਖੇ ਸਾਬਕਾ ਅਧਿਕਾਰੀਆਂ ਨੇ ਬੀਬੀ ਜਗੀਰ ਕੌਰ ਨਾਲ ਮੀਟਿੰਗ ਵੀ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਜਿੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਉੱਥੇ ਹੀ ਧਰਮ ਪ੍ਰਚਾਰ ਸਮੇਤ ਸੰਸਥਾ ਦੇ ਕਾਰਜਾਂ ਤੋਂ ਸੰਗਤ ਨੂੰ ਜਾਣੂ ਕਰਵਾਉਣ ਲਈ ਸਹਿਯੋਗੀ ਬਣੇ ਰਹਿਣ ਦਾ ਭਰੋਸਾ ਦਿੱਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਾਬਕਾ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਦਾ ਲੰਮਾ ਤਜ਼ਰਬਾ ਹੈ, ਜਿਸ ਲਈ ਇਨ੍ਹਾਂ ਤੋਂ ਸਮੇਂ-ਸਮੇਂ ’ਤੇ ਸੁਝਾਅ ਪ੍ਰਾਪਤ ਕੀਤੇ ਜਾਣਗੇ।

ਬੀਬੀ ਜਗੀਰ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਜਿਦ ਛੱਡ ਕੇ ਠੰਡ ਦੇ ਮੌਸਮ ਵਿਚ ਆਪਣੀ ਹੋਂਦ ਦੀ ਲਡ਼ਾਈ ਲਡ਼ ਰਹੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਅਤੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਲਈ ਲੰਗਰ, ਮੈਡੀਕਲ ਸੇਵਾਵਾਂ, ਰਹਿਣ ਲਈ ਪ੍ਰਬੰਧ ਕਰਨ ਸਮੇਤ ਬੀਬੀਆਂ ਲਈ ਆਰਜ਼ੀ ਬਾਥਰੂਮਾਂ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਘਰਸ਼ ਦੌਰਾਨ ਚਲਾਣਾ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਦੋ ਟਰੱਕ ਗੱਦਿਆਂ ਅਤੇ ਕੰਬਲਾਂ ਦੇ ਵੀ ਭੇਜੇ ਗਏ ਹਨ

Aarti dhillon

This news is Content Editor Aarti dhillon