ਮੋਦੀ ਸਾਹਿਬ, ਐਕਟਿੰਗ ਦਾ ਸ਼ੌਕ ਹੈ ਤਾਂ ਮੁੰਬਈ ਜਾਓ : ਜਾਖੜ

03/15/2019 9:37:05 PM

ਬਟਾਲਾ,  (ਬੇਰੀ, ਵਿਪਨ)- ਮੋਦੀ ਸਾਹਿਬ, ਜੇਕਰ ਐਕਟਿੰਗ ਦਾ ਇੰਨਾ ਸ਼ੌਕ ਹੈ ਤਾਂ ਮੁੰਬਈ ਜਾਓ, ਕਿਉਂਕਿ ਜਿਸ ਦਿਨ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋਏ ਸਨ ਤਾਂ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਫ਼ਿਲਮ ਦੀ ਸ਼ੂਟਿੰਗ ਵਾਂਗ ਆਪਣੀਆਂ 6 ਜੈਕਟਾਂ ਬਦਲੀਆਂ ਸਨ ਤੇ ਹਾਦਸੇ ਦੇ 2 ਘੰਟੇ ਬਾਅਦ ਤੱਕ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਬਿਆਨ ਨਹੀਂ ਆਇਆ। ਇਹ ਵਿਅੰਗ ਸ਼ੁਕੱਰਵਾਰ ਸਥਾਨਕ ਰਾਧਾ ਕ੍ਰਿਸ਼ਨ ਕਾਲੋਨੀ ਸਥਿਤ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ  ਯਸ਼ਪਾਲ ਚੌਹਾਨ ਦੇ ਗ੍ਰਹਿ ਵਿਖੇ ਕਾਲੋਨੀ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤਾ। ਜਾਖੜ ਨੇ ਕਿਹਾ ਕਿ ਬਟਾਲਾ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ 12 ਕਰੋੜ ਰੁਪਏ ਹੋਰ ਦੇਣ ਦਾ ਐਲਾਨ ਕੀਤਾ  ਗਿਆ ਹੈ ਤੇ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਲੋਕ ਕਾਂਗਰਸ ਸਰਕਾਰ ਵਲੋਂ ਕੀਤੇ ਕਾਰਜਾਂ ਨੂੰ ਦੇਖ ਕੇ ਹੀ ਆਪਣੀਆਂ ਵੋਟਾਂ ਦੇਣਗੇ। 
ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਸਰਕਾਰ ਬਣਨ 'ਤੇ ਜਿਥੇ ਬਟਾਲਾ ਇੰਡਸਟਰੀ ਨੂੰ ਉੱਪਰ ਚੁੱਕਣ ਦੇ ਯਤਨ ਕੀਤੇ ਜਾਣਗੇ, ਉਥੇ ਨਾਲ ਹੀ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਉਪਲਬਧ ਕਰਵਾਉਣ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਿਵ ਆਡੀਟੋਰੀਅਮ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਉਨ੍ਹਾਂ ਆਪਣੇ ਐੱਮ. ਪੀ. ਲੈਂਡ ਫੰਡ 'ਚੋਂ ਜਾਰੀ ਕਰ ਦਿੱਤੀ ਹੈ। 
ਜਾਖੜ ਨੇ ਕਿਹਾ ਕਿ ਬਟਾਲਾ ਇਕ ਇਤਿਹਾਸਕ ਤੇ ਮਹੱਤਵਪੂਰਨ ਸ਼ਹਿਰ ਹੈ, ਜਿਸਦਾ ਵਿਕਾਸ ਹਰ ਹਾਲ ਵਿਚ ਹੋਵੇਗਾ ਅਤੇ ਸ਼ਹਿਰ ਦਾ ਪੂਰਨ ਤੌਰ 'ਤੇ ਸੁੰਦਰੀਕਰਨ ਕੀਤਾ ਜਾਵੇਗਾ, ਤਾਂ ਜੋ ਲੋਕ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਗੇ ਆਉਣ ਤਾਂ ਉਹ ਬਟਾਲਾ ਤੋਂ ਹੀ ਹੋ ਕੇ ਜਾਣ। ਉਨ੍ਹਾਂ ਕਿਹਾ ਕਿ ਬਟਾਲਾ ਨੂੰ ਨਿਗਮ ਦਾ ਦਰਜਾ ਮਿਲਣਾ ਇਸ ਦਾ ਹੱਕ ਸੀ ਤੇ ਉਹ ਇਸ ਨੂੰ ਦੇ ਦਿੱਤਾ ਗਿਆ ਤੇ ਜੇਕਰ ਗੱਲ ਬਣੀ ਤਾਂ ਉਹ ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲਾ ਬਣਾਉਣਗੇ।  
ਇਸ ਮੌਕੇ ਸਾਬਕਾ ਮੰਤਰੀ ਪੰਜਾਬ ਅਸ਼ਵਨੀ ਸੇਖੜੀ, ਯਸ਼ਪਾਲ ਚੌਹਾਨ ਪੰਜਾਬ ਪ੍ਰਧਾਨ ਸਵਰਨਕਾਰ ਸੰਘ, ਪਵਨ ਕੁਮਾਰ ਪੰਮਾ, ਗੁਲਸ਼ਨ  ਕੁਮਾਰ ਮਾਰਬਲ ਵਾਲੇ, ਵਰਿੰਦਰ ਸ਼ਰਮਾ ਜ਼ਿਲਾ ਜਨਰਲ ਸਕੱਤਰ ਕਾਂਗਰਸ ਕਮੇਟੀ ਗੁਰਦਾਸਪੁਰ,  ਵੀ. ਐੱਮ. ਗੋਇਲ ਉਦਯੋਗਪਤੀ, ਹਰਿੰਦਰ ਸਿੰਘ ਸਾਬਕਾ ਕੌਂਸਲਰ ਆਦਿ ਹਾਜ਼ਰ ਸਨ।

KamalJeet Singh

This news is Content Editor KamalJeet Singh