ਮੰਤਰੀ ETO ਨੇ ਜੰਡਿਆਲਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ, ਹੁਣ 20 ਪਿੰਡਾਂ ਨੂੰ ਹੋਵੇਗਾ ਸਿੱਧਾ ਫ਼ਾਇਦਾ

12/05/2023 3:58:42 PM

ਜੰਡਿਆਲਾ ਗੁਰੂ (ਸ਼ਰਮਾ/ਸੁਰਿੰਦਰ/ਵਿਨੋਦ)-ਪਿਛਲੀਆਂ ਸਰਕਾਰਾਂ ਨੇ ਜੰਡਿਆਲੇ ਹਲਕੇ ਨੂੰ ਅਣਗੌਲਿਆਂ ਹੀ ਨਹੀਂ ਰੱਖਿਆ ਸਗੋਂ ਇਸ ਹਲਕੇ ਦੇ ਸੜਕੀ ਆਵਾਜਾਈ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ, ਜਿਸ ਕਰ ਕੇ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਸੜਕੀ ਆਵਾਜਾਈ ਦੀਆਂ ਪੂਰੀਆਂ ਸਹੂਲਤਾਂ ਨਹੀਂ ਮਿਲ ਸਕੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਜੰਡਿਆਲਾ ਗੁਰੂ ਹਲਕੇ ਵਿਚ 27 ਕਰੋੜ ਰੁਪਏ ਦੇ ਦੋ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਨਾਂ ਸੜਕੀ ਪ੍ਰਾਜੈਕਟਾਂ ਨਾਲ ਹਲਕੇ ਦੇ 20 ਪਿੰਡਾਂ ਦੇ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੇ ਥਾਂ ’ਤੇ ਜਾਣ ਲਈ ਛੋਟੇ ਰੂਟ ਮਿਲਣਗੇ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੋਹਾਂ ਦੀ ਬਚਤ ਹੋਵੇਗੀ।

 ਇਹ ਵੀ ਪੜ੍ਹੋ- ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਕੀਤਾ ਨਜ਼ਰਅੰਦਾਜ਼, ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ

ਕੈਬਨਿਟ ਮੰਤਰੀ ਈ. ਟੀ. ਓ. ਨੇ ਸੂਬਾ ਸਰਕਾਰ ਵਲੋਂ ਸੀ. ਆਰ. ਆਈ. ਐੱਫ. ਸਕੀਮ ਅਧੀਨ ਅੰਮ੍ਰਿਤਸਰ ਮਹਿਤਾ ਸੜਕ ਅੱਡਾ ਬੋਪਾਰਾਏ ਤੋਂ ਅੰਮ੍ਰਿਤਸਰ-ਜਲੰਧਰ ਸੜਕ ਵਾਇਆ ਗਹਿਰੀ ਨਰਾਇਣਗੜ੍ਹ ਸੜਕ ਯੂ. ਬੀ. ਡੀ. ਸੀ. ਦੇ ਨਾਲ-ਨਾਲ 17.8 ਕਿਲੋਮੀਟਰ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਅਤੇ ਦੱਸਿਆ ਕਿ ਇਹ ਸੜਕ ਬੋਪਾਰਾਏ ਤੋਂ ਗਹਿਰੀ ਨਰਾਇਣਗੜ੍ਹ ਸੜਕ ਤੱਕ ਨਹਿਰ ਦੀ ਪਟਰੀ ਉੱਪਰ 18 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸੜਕ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ।

 ਇਹ ਵੀ ਪੜ੍ਹੋ- ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ 45 ਦਿਨਾਂ ਦਾ ਵੀਜ਼ਾ, ਅੱਜ ਵਾਹਗਾ ਰਾਹੀਂ ਪਹੁੰਚੇਗੀ ਭਾਰਤ

ਈ. ਟੀ. ਓ. ਨੇ ਦੱਸਿਆ ਕਿ ਇਸ ਦੇ ਨਾਲ ਹੀ ਯੂ. ਬੀ. ਡੀ. ਸੀ. ਨਹਿਰ ਉੱਪਰ ਮੌਜੂਦਾ ਤੰਗ ਪੁਲ ਨੂੰ 80 ਫੁੱਟ ਤੋਂ 115 ਫੁੱਟ ਲੰਬੇ ਪੁੱਲ ਦੀ ਉਸਾਰੀ ਅਤੇ 16 ਫੁੱਟ ਚੌੜੇ ਤੋਂ 17 ਫੁੱਟ ਚੌੜਾ ਵੀ ਕੀਤਾ ਜਾਵੇਗਾ, ਜਿਸ ’ਤੇ 2 ਕਰੋੜ 69 ਲੱਖ 30 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਨੇੜਲੇ ਪਿੰਡਾਂ ਨੂੰ ਆਵਾਜਾਈ ਵਿਚ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਪੈਂਦੇ ਪਿੰਡ ਭੰਗਵਾਂ ਦੇ ਵਾਸੀਆਂ ਦੇ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਡਰੇਨ ਬਣਾਈ ਜਾਵੇਗੀ ਤਾਂ ਜੋ ਬਾਰਿਸ਼ ਦਾ ਪਾਣੀ ਖੜ੍ਹਾ ਨਾ ਹੋ ਸਕੇ। ਇਸ ਉਪਰੰਤ ਈ. ਟੀ. ਓ. ਵੱਲੋਂ 4 ਕਰੋੜ 37 ਲੱਖ 59 ਹਜ਼ਾਰ ਰੁਪਏ ਦੀ ਲਾਗਤ ਨਾਲ ਖੁਜਾਲਾ ਗਹਿਰੀ ਸੜਕ ਤੋਂ ਖੁਜਾਲਾ ਤਰਸਿੱਕਾ ਸੜਕ ਡਿਸਟਰੀਬਿਊਟਰੀ ਦੇ ਨਾਲ-ਨਾਲ ਸੜਕ ਦੀ ਉਸਾਰੀ ਕਰਵਾਉਣ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ ਲਗਭਗ 6 ਕਿਲੋਮੀਟਰ ਹੋਵੇਗੀ ਅਤੇ 12 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਵੀ ਨੇੜਲੇ ਪਿੰਡ ਕੋਰਟ ਖਹਿਰਾ, ਰਸੂਲਪੁਰ, ਖਲਹੇਰਾ, ਗਦਲੀ, ਬੰਮਾ, ਭੰਗਵਾਂ ਅਤੇ ਮਾਲੋਵਾਲ ਆਦਿ ਪਿੰਡਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ।

 ਇਹ ਵੀ ਪੜ੍ਹੋ- ਪੂਰੀ ਜ਼ਿੰਦਗੀ ਜੋੜੇ ਨੇ ਨਿਭਾਇਆ ਇਕ ਦੂਜੇ ਦਾ ਸਾਥ, ਦਰਦਨਾਕ ਹਾਦਸੇ 'ਚ ਇਕੱਠਿਆਂ ਨੇ ਤੋੜਿਆ ਦਮ

ਈ. ਟੀ. ਓ. ਨੇ ਦੱਸਿਆ ਕਿ ਇਨ੍ਹਾਂ ਕੰਮਾਂ ਦੇ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਨ੍ਹਾਂ ਸੜਕਾਂ ਦੇ ਕੰਮ ਨੂੰ ਮੁਕੰਮਲ ਕਰਨ ਲਈ 11 ਮਹੀਨੇ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਸਬੰਧਤ ਅਧਿਕਾਰਿਆਂ ਨੂੰ ਹਦਾਇਤ ਕੀਤੀ ਕਿ ਸਾਰੇ ਕਾਰਜ ਸਮੇਂ ਸਿਰ ਮੁਕੰਮਲ ਕੀਤੇ ਜਾਣ। ਈ. ਟੀ. ਓ. ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚਲ ਰਹੇ ਵਿਕਾਸ ਕਾਰਜਾਂ ਦਾ ਆਪ ਵੀ ਧਿਆਨ ਰੱਖਣ ਕਿਉਂਕਿ ਇਹ ਸੜਕਾਂ ਤੁਹਾਡੇ ਪੈਸੈ ਨਾਲ ਹੀ ਬਣ ਰਹੀਆਂ ਹਨ ਅਤੇ ਜੇਕਰ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

 ਇਹ ਵੀ ਪੜ੍ਹੋ- ਛੁੱਟੀ ਕੱਟਣ ਘਰ ਆਏ ਫੌਜੀ ਜਵਾਨ ਦੀ ਅਚਾਨਕ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਇਸ ਮੌਕੇ ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਐਕਸੀਐਨ ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਰਮਾਨਾ ਗੁਰਜਿੰਦਰ ਅਤੇ ਜਰਮਨ ਸਿੰਘ, ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

Shivani Bassan

This news is Content Editor Shivani Bassan