ਘਰ ''ਚੋਂ ਲੱਖਾਂ ਦੀ ਨਕਦੀ ਅਤੇ ਗਹਿਣੇ ਚੋਰੀ

07/15/2019 7:32:51 PM

ਅੰਮ੍ਰਿਤਸਰ (ਅਗਨੀਹੋਤਰੀ)- ਥਾਣਾ ਛੇਹਰਟਾ ਦੇ ਅਧੀਨ ਆਉਂਦੇ ਖੇਤਰ ਘਣੂੰਪੁਰ ਕਾਲੇ ਬਾਈਪਾਸ ਸਥਿਤ ਪੁਲਸ ਚੌਕੀ ਦੇ ਅਧੀਨ ਆਉਂਦੇ ਪਿੰਡ ਕਾਲੇ ਰੋਡ ਸਥਿਤ ਇਕ ਇਲੈਕਟ੍ਰੋਨਿਕ ਅਤੇ ਸਟੀਲ ਫਰਨੀਚਰ ਦੀ ਦੁਕਾਨ ਦੇ ਉਪਰ ਬਣੀ ਰਿਹਾਇਸ਼ 'ਚੋਂ ਕੁਝ ਚੋਰਾਂ ਵੱਲੋਂ 5 ਲੱਖ ਰੁਪਏ ਦੀ ਨਕਦੀ, ਕਰੀਬ 6 ਤੋਲੇ ਦੇ ਗਹਿਣੇ ਅਤੇ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਵੀ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਹੈ। ਘਰ ਦੇ ਮਾਲਕ ਮਨਵਿੰਦਰ ਕੁਮਾਰ ਨੇ ਦੱਸਿਆ ਬੀਤੇ ਦਿਨੀਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਜ਼ਰੂਰੀ ਕੰਮ ਲਈ ਰਿਸ਼ਤੇਦਾਰ ਕੋਲ ਸ਼ਹਿਰ ਤੋਂ ਬਾਹਰ ਗਏ ਸਨ ਤੇ ਘਰ ਦੀ ਦੇਖਭਾਲ ਲਈ ਆਪਣੀ ਭੈਣ ਨੂੰ ਕਹਿ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ ਸਵਾ 10 ਵਜੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢ ਦੇ ਦੁਕਾਨਦਾਰ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਲੱਗਾ ਬੋਰਡ ਉਖੜਿਆ ਹੋਇਆ ਹੈ।

ਪੀੜਤ ਦੁਕਾਨਦਾਰ ਮਨਵਿੰਦਰ ਨੇ ਦੱਸਿਆ ਕਿ ਉਨ੍ਹਾਂ ਉਸੇ ਸਮੇਂ ਭੈਣ ਨੂੰ ਘਰ ਜਾ ਕੇ ਦੇਖਣ ਨੂੰ ਕਿਹਾ ਤਾਂ ਮੇਰੀ ਭੈਣ ਨੇ ਉਥੇ ਪੁੱਜ ਕੇ ਦੱਸਿਆ ਕਿ ਘਰ ਦਾ ਸਾਰਾ ਸਾਮਾਨ ਅਤੇ ਕੱਪੜੇ ਖਿੱਲਰੇ ਹੋਏ ਹਨ। ਉਪਰੋਕਤ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਮੌਕੇ 'ਤੇ ਪੁਲਸ ਮੁਲਾਜ਼ਮਾਂ ਨੂੰ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਫੋਰੈਂਸਿੰਕ ਟੀਮ ਵੱਲੋਂ ਫਿੰਗਰ ਪ੍ਰਿੰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁੱਛੇ ਜਾਣ 'ਤੇ ਪੀੜਤ ਮਨਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਕਿਸ਼ਤਾਂ 'ਤੇ ਇਲੈਕਟ੍ਰੋਨਿਕ ਅਤੇ ਫਰਨੀਚਰ ਦਾ ਸਾਮਾਨ ਦੇਣ ਦਾ ਕੰਮ ਕਰਦਾ ਹੈ, ਜਿਸ ਤੋਂ ਇਕੱਠੀ ਹੋਈ ਰਾਸ਼ੀ ਉਸ ਨੇ ਘਰ 'ਚ ਰੱਖੀ ਸੀ। ਚੋਰ ਘਰ 'ਚ ਦੁਕਾਨ ਦੇ ਉਪਰ ਬਣੇ ਬਰਾਂਡੇ ਰਸਤੇ ਰਾਹੀਂ ਦਰਵਾਜ਼ਾ ਤੋੜ ਕੇ ਦਾਖਲ ਹੋ ਕੇ ਘਰ 'ਚ ਪਏ 5 ਲੱਖ ਰੁਪਏ ਦੀ ਨਕਦੀ, ਕਰੀਬ 6 ਤੋਲੇ ਦੇ ਗਹਿਣੇ ਅਤੇ ਦੁਕਾਨ 'ਚ ਲੱਗਾ ਡੀ. ਵੀ. ਆਰ. ਲੈ ਕੇ ਫਰਾਰ ਹੋ ਗਏ ਹਨ, ਜਿਸ ਤਹਿਤ ਉਨ੍ਹਾਂ ਨੂੰ ਕੁੱਲ 7 ਲੱਖ ਰੁਪਏ ਦੇ ਕਰੀਬ ਨੁਕਸਾਨ ਪੁੱਜਾ ਹੈ।

ਉਕਤ ਘਟਨਾ ਸਬੰਧੀ ਜਦੋਂ ਥਾਣਾ ਛੇਹਰਟਾ ਮੁਖੀ ਮੈਡਮ ਰਾਜਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕਾ ਦੇਖ ਲਿਆ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਤੇ ਇਕ ਹਫਤੇ ਦੇ ਅੰਦਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Karan Kumar

This news is Content Editor Karan Kumar