ਦਵਾਈ ਲੈਣ ਆਏ ਮਰੀਜ਼ਾਂ ਨੂੰ ਮਹਿਲਾ ਚੋਰਾਂ ਨੇ ਬਣਾਇਆ ਨਿਸ਼ਾਨਾ, ਮੋਬਾਇਲ ਤੇ ਨਕਦੀ ਲੁੱਟ ਹੋਈਆਂ ਫ਼ਰਾਰ

05/24/2022 1:58:59 PM

ਅੰਮ੍ਰਿਤਸਰ (ਦਲਜੀਤ) - ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਹੁਣ ਚੋਰਾਂ ਨੇ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਜਨਾਨੀਆਂ ਹੀ ਅੰਜਾਮ ਦੇ ਰਹੀਆਂ ਹਨ। ਹਸਪਤਾਲ ਦੀ ਓ. ਪੀ. ਡੀ. ਵਿਚ ਆਈਆਂ 2 ਜਨਾਨੀਆਂ ਦੇ ਮੋਬਾਇਲ ਅਤੇ ਨਕਦੀ ਚੋਰਾਂ ਨੇ ਉੱਡਾ ਲਈ। ਫਿਲਹਾਲ ਪੀੜਤ ਜਨਾਨੀਆਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਨੂੰ ਅੰਜਾਮ ਦੇਣ ਵਾਲੀਆਂ 2 ਜਨਾਨੀਆਂ ਸਨ, ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਜਾਣਕਾਰੀ ਅਨੁਸਾਰ ਓ. ਪੀ. ਡੀ. ਦੇ ਕਮਰੇ ਨੰਬਰ 23 ਅਤੇ 24 ਦੇ ਬਾਹਰ ਖੜ੍ਹੀਆਂ 2 ਜਨਾਨੀਆਂ ਦਾ ਮੋਬਾਇਲ ਅਤੇ ਨਕਦੀ ਚੋਰਾਂ ਨੇ ਉੱਡਾ ਲਈ। ਦੋਵੇਂ ਔਰਤਾਂ ਇਕ ਕਤਾਰ ਵਿਚ ਖਡ਼੍ਹੀਆਂ ਸਨ ਅਤੇ ਉਨ੍ਹਾਂ ਦੇ ਹੱਥਾਂ ’ਚ ਲਿਫਾਫੇ ਸਨ, ਜਿਸ ਵਿਚ ਸਾਮਾਨ ਰੱਖਿਆ ਹੋਇਆ ਸੀ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਲਿਫਾਫੇ ਤੋਂ ਮੋਬਾਇਲ ਕੱਢਣ ਲਈ ਹੱਥ ਵਧਾਇਆ ਤਾਂ ਸਾਰਾ ਸਾਮਾਨ ਗਾਇਬ ਸੀ। ਚੋਰ ਬਲੇਡ ਨਾਲ ਲਿਫਾਫੇ ਨੂੰ ਕੱਟ ਕੇ ਸਾਮਾਨ ਲੈ ਕੇ ਫਰਾਰ ਹੋ ਗਏ। ਇਕ ਔਰਤ ਦੇ ਲਿਫਾਫੇ ’ਚੋਂ 5 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਚੋਰੀ ਹੋਇਆ, ਜਦੋਂਕਿ ਦੂਜੀ ਔਰਤ ਦੇ 550 ਰੁਪਏ ਅਤੇ ਮੋਬਾਇਲ ਫੋਨ ਗਾਇਬ ਸੀ।

ਘਟਨਾ ਦੀ ਜਾਣਕਾਰੀ ਐੱਸ. ਐੱਮ. ਓ. ਡਾ. ਰਾਜੂ ਚੌਹਾਨ ਨੂੰ ਦਿੱਤੀ ਗਈ। ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲੀ ਤੇ ਬਹੁਤ ਜ਼ਿਆਦਾ ਭੀਡ਼ ਹੋਣ ਦੀ ਵਜ੍ਹਾ ਨਾਲ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ। ਡਾ. ਰਾਜੂ ਚੌਹਾਨ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਇਕ ਔਰਤ ਚਿਹਰੇ ਨੂੰ ਦੁਪੱਟੇ ਨਾਲ ਢੱਕ ਕੇ ਬਾਹਰ ਨਿਕਲ ਰਹੀ ਹੈ ਪਰ ਕੋੋਈ ਠੋਸ ਸਬੂਤ ਨਾ ਹੋਣ ਕਾਰਨ ਚੋਰ ਕੌਣ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਘਟਨਾ ਦੀ ਜਾਣਕਾਰੀ ਥਾਣਾ ਰਾਮਬਾਗ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਓ. ਪੀ. ਡੀ. ਬਲਾਕ ਵਿਚ 2 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਸਪਤਾਲ ਵਿਚ ਚੋਰ ਗਿਰੋਹ ਸਰਗਰਮ ਹੈ। ਇਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ, ਚੋਰਾਂ ਨੇ ਬਲੇਡਾਂ ਨਾਲ ਔਰਤਾਂ ਦੇ ਲਿਫਾਫੇ ਕੱਟੇ ਹਨ।


rajwinder kaur

Content Editor

Related News