ਕੰਪਨੀ ਦਾ ਟਾਰਗੇਟ ਪੂਰਾ ਨਾ ਹੋਣ 'ਤੇ ਮੈਡੀਕਲ ਰਿਪ੍ਰੈਜ਼ੈਂਟੇਟਿਵ ਨੇ ਕੀਤੀ ਖੁਦਕੁਸ਼ੀ

07/30/2019 1:17:07 AM

ਅੰਮ੍ਰਿਤਸਰ (ਅਨਿਲ)— ਦਵਾਈ ਕੰਪਨੀ ਜਾਇਡਸ ਹੈਲਥ ਕੇਅਰ ਲਿਮਟਿਡ 'ਚ 33 ਸਾਲ ਦਾ ਆਸ਼ੀਸ਼ ਸ਼ਰਮਾ ਜੋਕਿ ਕੰਪਨੀ 'ਚ ਬਤੌਰ ਮੈਡੀਕਲ ਰਿਪ੍ਰੈਜ਼ੈਂਟੇਟਿਵ ਦੇ ਤੌਰ 'ਤੇ ਅੰਬਾਲਾ 'ਚ ਕੰਮ ਕਰਦਾ ਸੀ। ਬੀਤੇ ਦਿਨੀਂ ਬੱਸ ਸਟੈਂਡ ਨਜ਼ਦੀਕ ਹੋਟਲ ਖੇੜਾ 'ਚ ਪੱਖੇ ਨਾਲ ਲਟਕ ਕੇ ਕਮਰੇ 'ਚ ਸੁਸਾਈਡ ਕਰ ਲਿਆ।

ਥਾਣਾ ਰਾਮਬਾਗ ਦੀ ਪੁਲਸ ਦੇ ਸਬ ਇੰਸਪੈਕਟਰ ਸੁਖਪਾਲ ਸਿੰਘ ਨੂੰ ਮੁਨੀਸ਼ ਸ਼ਰਮਾ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪੰਜਾਬ ਦੇ ਸ਼ਹਿਰ ਡੇਰਾ ਬੱਸੀ 'ਚ ਚਾਰਟਰਡ ਅਕਾਊਂਟੈਂਟ ਦਾ ਕੰਮ ਕਰਦਾ ਹੈ। ਉਸ ਦਾ ਭਰਾ ਆਸ਼ੀਸ਼ ਸ਼ਰਮਾ ਜੋ ਇਕ ਦਵਾਈ ਕੰਪਨੀ ਜਾਇਡਸ ਹੈਲਥ ਕੇਅਰ ਲਿਮਿ. 'ਚ ਮੈਡੀਕਲ ਰਿਪ੍ਰੈਜ਼ੈਂਟੇਟਿਵ ਦੇ ਤੌਰ 'ਤੇ ਪਿਛਲੇ ਕਈ ਸਾਲਾਂ ਤੋਂ ਅੰਬਾਲਾ 'ਚ ਕੰਮ ਕਰ ਰਿਹਾ ਸੀ। ਉਸ ਦੇ ਭਰਾ ਨੇ ਕਈ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਸੀ। ਉਹ ਕਰਜ਼ੇ ਦੀ ਰਕਮ ਕੰਪਨੀ ਦੇ ਕੰਮ 'ਚ ਲਾ ਦਿੰਦਾ ਸੀ। ਕਰਜ਼ ਉਪਰੰਤ ਵੀ ਉਹ ਕੰਪਨੀ ਦਾ ਟਾਰਗੈੱਟ ਪੂਰਾ ਕਰਨ 'ਚ ਅਸਫਲ ਰਹਿੰਦਾ ਸੀ। ਉਸ ਦਾ ਭਰਾ 18 ਜੁਲਾਈ ਨੂੰ ਘਰ ਇਹ ਕਹਿ ਕੇ ਨਿਕਲਿਆ ਕਿ ਉਹ ਉਕਤ ਕੰਪਨੀ ਦੇ ਕਿਸੇ ਕੰਮ ਲਈ ਬਾਹਰ ਜਾ ਰਿਹਾ ਹੈ। ਉਸ ਨੇ 27 ਜੁਲਾਈ ਨੂੰ ਅੰਮ੍ਰਿਤਸਰ ਵਿਚ ਫਾਹ ਲਾ ਲਿਆ।

ਕੀ ਕਹਿਣੈ ਆਈ. ਓ. ਸੁਖਪਾਲ ਸਿੰਘ ਦਾ?
ਸਬ-ਇੰਸਪੈਕਟਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮੌਕੇ ਤੋਂ ਮਿਲੇ ਸੁਸਾਈਡ ਨੋਟ ਵਿਚ ਮ੍ਰਿਤਕ ਨੇ ਲਿਖਿਆ ਸੀ ਕਿ ਕੰਪਨੀ ਦਾ ਟਾਰਗੈੱਟ ਪੂਰਾ ਨਾ ਹੋਣ ਕਾਰਣ ਲੱਖਾਂ ਦਾ ਕਰਜ਼ਦਾਰ ਹੋ ਗਿਆ ਹੈ। ਬੀਤੀ 27 ਜੁਲਾਈ ਨੂੰ ਹੋਟਲ 'ਚ ਪੱਖੇ ਨਾਲ ਅਸ਼ੀਸ਼ ਦੀ ਲਾਸ਼ ਲਟਕ ਰਹੀ ਸੀ। ਪੁਲਸ ਨੇ ਮ੍ਰਿਤਕ ਦੇ ਭਰਾ ਮਨੀਸ਼ ਸ਼ਰਮਾ ਦੀ ਸ਼ਿਕਾਇਤ 'ਤੇ ਕੰਪਨੀ ਮੈਨੇਜਰ ਖਿਲਾਫ ਆਤਮ-ਹੱਤਿਆ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ।

ਕੀ ਲਿਖਿਆ ਅਸੀਸ ਨੇ ਸੁਸਾਈਡ ਨੋਟ 'ਚ
ਆਸ਼ੀਸ਼ ਸ਼ਰਮਾ ਨੇ ਸੁਸਾਈਡ ਨੋਟ 'ਚ ਲਿਖਿਆ ਕਿ ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਹੈ। ਭਾਰੀ ਕਰਜ਼ਾ ਹੋਣ ਕਾਰਣ ਉਹ ਕੰਪਨੀ ਦਾ ਟਾਰਗੈੱਟ ਪੂਰਾ ਨਾ ਹੋਣ 'ਤੇ ਉਹ ਆਪਣੀ ਜੀਵਨ ਲੀਲਾ ਖ਼ਤਮ ਕਰ ਰਿਹਾ ਹੈ।

ਕੀ ਕਹਿਣਾ ਹੈ ਪੰਜਾਬ ਮੈਡੀਕਲ ਰਿਪ੍ਰੈਜ਼ੈਂਟੇਟਿਵ ਐਸੋ. ਅੰਮ੍ਰਿਤਸਰ ਦਾ
ਪੰਜਾਬ ਮੈਡੀਕਲ ਰਿਪ੍ਰੈਜ਼ੈਂਟੇਟਿਵ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤਸਰ ਯੂਨਿਟ ਰਮਨ ਮਲਹੋਤਰਾ ਦਾ ਕਹਿਣਾ ਹੈ ਕਿ ਮੈਡੀਕਲ ਕੰਪਨੀ ਜਦੋਂ ਵੀ ਕਿਸੇ ਮੈਡੀਕਲ ਰਿਪ੍ਰੈਜ਼ੈਂਟੇਟਿਵ ਦਾ ਕੰਪਨੀ 'ਚ ਅਪਵਾਇੰਟਮੈਂਟ ਲੈਟਰ ਦਿੰਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਵੱਡਾ ਟਾਰਗੈੱਟ ਦੇ ਦਿੱਤਾ ਜਾਂਦਾ ਹੈ। ਟਾਰਗੈੱਟ ਪੂਰਾ ਕਰਨ ਲਈ ਕੰਪਨੀ ਮੈਡੀਕਲ ਰਿਪ੍ਰੈਜ਼ੈਂਟੇਟਿਵ 'ਤੇ ਸਮੇਂ-ਸਮੇਂ ਅਨੁਸਾਰ ਦਬਾਅ ਪਾਉਂਦੀ ਰਹਿੰਦੀ ਹੈ। ਜੇਕਰ ਟਾਰਗੈੱਟ ਪੂਰਾ ਨਾ ਹੁੰਦਾ ਤਾਂ ਕੰਪਨੀ ਮੈਨੇਜਮੈਂਟ ਵੱਲੋਂ ਨੌਕਰੀ ਤੋਂ ਕੱਢਣ ਦੀ ਧਮਕੀ ਤੱਕ ਦਿੱਤੀ ਜਾਂਦੀ ਹੈ।


KamalJeet Singh

Content Editor

Related News