ਮਜੀਠਾ ’ਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਇੱਕੋ ਰਾਤ ਹੋਈਆਂ 3 ਚੋਰੀਆਂ

04/26/2022 3:45:24 PM

ਮਜੀਠਾ (ਜ.ਬ) - ਸਥਾਨਕ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਬੀਤੀ ਰਾਤ ਸ਼ਹਿਰ ਦੀ ਵਾਰਡ ਨੰਬਰ 13 ਵਿਚ ਮੰਦਰ ਬਾਵਾ ਲਾਲ ਦੇ ਨਜ਼ਦੀਕ ਸੰਘਣੀ ਵੱਸੋਂ ਵਾਲੇ ਇਲਾਕੇ ਵਿਚ ਵੱਖ-ਵੱਖ ਤਿੰਨ ਘਰਾਂ ਵਿਚ ਚੋਰੀ ਹੋਣ ਦਾ ਸਮਾਚਾਰ ਹੈ। ਥਾਣਾ ਮਜੀਠਾ ਵਿਖੇ ਰਾਜ ਕੁਮਾਰ ਪੁੱਤਰ ਸਤਪਾਲ ਵੱਲੋਂ ਦਿੱਤੀ ਲਿਖਤੀ ਦਰਖ਼ਾਸਤ ਅਨੁਸਾਰ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸੁੱਤਾ ਪਿਆ ਕਰੀਬ ਅੱਧੀ ਰਾਤ ਉਸ ਦੇ ਘਰ ਅਣਪਛਾਤੇ ਵਿਅਕਤੀ ਦਾਖਲ ਹੋ ਕੇ ਘਰ ਵਿੱਚੋਂ ਪਏ 3 ਕੀਮਤੀ ਮੋਬਾਇਲ ਫੋਨ ਅਤੇ ਦੀਵਾਰ ਦੀ ਕਿੱਲੀ ’ਤੇ ਟੰਗੀ ਪੈਂਟ ਵਿਚ ਪਏ ਪਰਸ ਵਿੱਚੋਂ ਕਰੀਬ 10500 ਰੁਪਏ ਚੋਰੀ ਕਰ ਲਏ ਗਏ। 

ਪੀੜਤ ਵਿਅਕਤੀ ਦੇ ਦੱਸਣ ਅਨੁਸਾਰ ਇਨ੍ਹਾਂ ਚੋਰਾਂ ਵੱਲੋਂ ਪਹਿਲਾਂ ਉਨ੍ਹਾਂ ਦੇ ਮੂੰਹ ’ਤੇ ਬੇਹੋਸ਼ ਕਰਨ ਵਾਸਤੇ ਕਿਸੇ ਜ਼ਹਿਰੀਲੀ ਦਵਾਈ ਦਾ ਸਪਰੇਅ ਕੀਤਾ ਗਿਆ, ਜਿਸ ਨਾਲ ਉਹ ਸਾਰੇ ਬੇਹੋਸ਼ ਹੋ ਗਏ। ਸਵੇਰੇ ਦਿਨ ਚੜ੍ਹਦੇ ਹੋਏ ਜਦੋਂ ਉਹ ਉਠੇ ਤਾਂ ਉਨ੍ਹਾਂ ਦੇਖਿਆ ਕਿ ਘਰ ਅੰਦਰ ਸਾਮਾਨ ਖਿਲਰਿਆ ਪਿਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਅੰਦਰ ਪਏ ਤਿੰਨੇ ਮੋਬਾਇਲ ਫੋਨ ਅਤੇ ਪੈਸੇ ਗਾਇਬ ਸਨ।

ਦੂਸਰੀ ਵਾਰਦਾਤ ਵਿਚ ਇਸੇ ਗਲੀ ਵਿਚ ਮਾਤਾ ਦੇਵਾ ਜੀ ਦਾ ਮੰਦਰ ਹੈ। ਮੰਦਰ ਦੇ ਸੇਵਾਦਾਰ ਮਾਤਾ ਦੇਵਾ ਜੀ ਮੰਦਰ ਵਿੱਚ ਮੌਜੂਦ ਨਹੀਂ ਸਨ ਤਾਂ ਇਹ ਅਣਪਛਾਤੇ ਵਿਅਕਤੀ ਇਸ ਮੰਦਰ ਵਿਚ ਦਾਖਲ ਹੋ ਗਏ ਅਤੇ ਅੰਦਰੋਂ ਸਾਰੇ ਸਾਮਾਨ ਦੀ ਫਰੋਲਾ ਫਰਾਲੀ ਕਰ ਕੇ ਅੰਦਰ ਪਈ ਨਕਦੀ ਅਤੇ ਕਿਸੇ ਸ਼ਰਧਾਲੂ ਵੱਲੋਂ ਮੰਦਰ ਵਿਚ ਚੜ੍ਹਾਇਆ ਸੋਨੇ ਦਾ ਗਹਿਣਾ ਵੀ ਚੋਰੀ ਕਰ ਕੇ ਲੈ ਗਏ। ਇਨ੍ਹਾਂ ਵਾਰਦਾਤਾਂ ਤੋਂ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਕਿਸੇ ਫਰੂਟ ਵਾਲੀ ਦੁਕਾਨ ਵਿੱਚੋਂ ਫਲ ਵਗੈਰਾ ਵੀ ਚੋਰੀ ਕੀਤੇ ਸਨ।

ਇਨ੍ਹਾਂ ਚੋਰੀਆਂ ਨਾਲ ਮੁਹੱਲੇ ਦੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਹਾਲੇ ਬੀਤੇ ਦਿਨ ਵੀ ਦਾਦੂਪੁਰਾ ਰੋਡ ਤੋਂ ਕੁਲਦੀਪ ਕੁਮਾਰ ਦੇ ਕਾਰਖਾਨੇ ਵਿੱਚੋਂ ਜੈਨਰੇਟਰ ਚੋਰੀ ਹੋ ਗਿਆ ਸੀ। ਇਸ ਦੀ ਵੀ ਪੀੜਤ ਵਿਅਕਤੀ ਵੱਲੋਂ ਥਾਣਾ ਮਜੀਠਾ ਵਿਖੇ ਦਰਖ਼ਾਸਤ ਦਿੱਤੀ ਗਈ ਸੀ ਪਰ ਪੁਲਸ ਵੱਲੋਂ ਇਨ੍ਹਾਂ ਅਣਪਛਾਤੇ ਵਿਅਕਤੀਆਂ ਦੀ ਭਾਲ ਵਿਚ ਨਾ ਤਾਂ ਗਸ਼ਤ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਸ ਨਾਲ ਅਜਿਹੇ ਚੋਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਅਤੇ ਨਿੱਤ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਵਾਰਡ ਨੰਬਰ 13 ਦੇ ਕੌਂਸਲਰ ਬਿੱਲਾ ਆਡ਼੍ਹਤੀਆ ਨੇ ਇਨ੍ਹਾਂ ਘਰਾਂ ਵਿੱਚ ਜਾ ਕੇ ਪੀੜਤਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਪੁਲਸ ਪ੍ਰਸ਼ਾਸਨ ਪਾਸੋਂ ਸਖਤੀ ਨਾਲ ਇਨ੍ਹਾਂ ਵਿਅਕਤੀਆਂ ਦੀ ਤਲਾਸ਼ ਵਿੱਚ ਪੁਖਤਾ ਪ੍ਰਬੰਧ ਕਰਨ ਅਤੇ ਸ਼ਹਿਰ ਵਾਸੀਆਂ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਮੰਗ ਕੀਤੀ ।

rajwinder kaur

This news is Content Editor rajwinder kaur