ਸ਼ਰਾਬ ਦੇ ਰੈਵੀਨਿਊ ''ਚ ਪੰਜਾਬ ਸਰਕਾਰ ਨੂੰ ਲੱਗਾ 2500 ਕਰੋੜ ਦਾ ਚੂਨਾ : ਪ੍ਰਤਾਪ ਬਾਜਵਾ

08/08/2020 2:20:44 AM

ਬਟਾਲਾ, (ਬੇਰੀ)-ਜ਼ਹਿਰੀਲੀ ਸ਼ਰਾਬ ਪੀਣ ਨਾਲ ਬਟਾਲਾ ਦੇ 14 ਲੋਕਾਂ ਦੀਆਂ ਹੋਈਆਂ ਮੌਤਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹਾਥੀ ਗੇਟ ਇਲਾਕੇ ਵਿਚ ਪਹੁੰਚੇ, ਜਿੱਥੇ ਬਾਜਵਾ ਵੱਲੋਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪਿਛਲੇ 3 ਸਾਲਾਂ ਵਿਚ ਸ਼ਰਾਬ ਦੇ ਰੈਵੀਨਿਊ ਵਿਚ ਪੰਜਾਬ ਸਰਕਾਰ ਨੂੰ ਲਗਾਤਾਰ 2500 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਸਾਲ 283 ਕਰੋੜ, ਦੂਜੇ ਸਾਲ 750 ਕਰੋੜ ਅਤੇ ਹੁਣ ਤੀਜੇ ਸਾਲ ਇਹ ਘਾਟਾ 1500 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਿਸ ਦਾ ਮੁੱਖ ਕਾਰਣ ਨਾਜਾਇਜ਼ ਚੱਲ ਰਹੀਆਂ ਡਿਸਟਿਲੀਰਜ਼ ਹਨ। ਬਾਜਵਾ ਨੇ ਕਿਹਾ ਕਿ ਇਕ ਲਾਇਸੈਂਸ ਵਾਲੀ ਡਿਸਟਿਲਰੀ ਲਾਉਣ ਦੀ ਲਾਗਤ 200 ਕਰੋੜ ਰੁਪਏ ਹੈ, ਜਦ ਕਿ ਨਾਜਾਇਜ਼ ਢੰਗ ਨਾਲ ਛੋਟੀ ਡਿਸਟਿਲਰੀ 3 ਤੋਂ 4 ਕਰੋੜ ਰੁਪਏ ਵਿਚ ਲੱਗ ਜਾਂਦੀ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੋ ਨਾਜਾਇਜ਼ ਡਿਸਟਿਲਰੀਜ਼ ਫੜੀਆਂ ਗਈਆਂ ਸਨ, ਉਨ੍ਹਾਂ ਵਿਚ ਮਸ਼ੀਨਰੀ ਕਿੱਥੋਂ ਆਈ? ਉਨ੍ਹਾਂ ਨੂੰ ਬਿਜਲੀ ਕੁਨੈਕਸ਼ਨ ਕਿਸ ਨੇ ਦਿੱਤਾ ਅਤੇ ੳਨ੍ਹਾਂ ਦੇ ਮਾਲਕ ਕੌਣ ਹਨ? ਇਹ ਸਭ ਕੁਝ ਅਜੇ ਤੱਕ ਸਵਾਲਾਂ ਦੇ ਘੇਰੇ ਵਿਚ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਗਵਰਨਰ ਨੂੰ ਮਿਲਣ ਲਈ ਇਸ ਲਈ ਗਏ ਸਨ ਕਿਉਂਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵੱਲੋਂ ਇਕ ਪ੍ਰੈੱਸਵਾਰਤਾ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਵੱਲੋਂ ਲਿਖੇ ਪੱਤਰ ਨਹੀਂ ਮਿਲੇ ਹਨ ਅਤੇ ਜੇਕਰ ਮਿਲਦੇ ਵੀ ਤਾਂ ਮੈਂ ਉਨ੍ਹਾਂ ਦਾ ਜੁਆਬ ਦੇਣਾ ਉੱਚਿਤ ਨਹੀਂ ਸਮਝਦਾ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਕਾਂਗਰਸ ਦੇ ਦੋ ਸੀਨੀਅਰ ਰਾਜ ਸਭਾ ਮੈਂਬਰਾਂ ਦੀਆਂ ਚਿੱਠੀਆਂ ਦਾ ਜੁਆਬ ਦੇਣਾ ਜ਼ਰੂਰੀ ਨਹੀਂ ਸਮਝਦੇ ਤਾਂ ਆਮ ਆਦਮੀ ਦੀ ਚਿੱਠੀ ਦਾ ਜੁਆਬ ਉਹ ਕਿੱਥੋਂ ਦਿੰਦੇ ਹੋਣਗੇ।

ਪ੍ਰਤਾਪ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਕੇਵਲ ਲੋਕਾਂ ਦੀ ਆਵਾਜ਼ ਰਾਜਪਾਲ ਤੱਕ ਪਹੁੰਚਾਈ ਹੈ ਅਤੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਦੁਸਹਿਰੇ ਵਾਲੇ ਦਿਨ ਇਕ ਰੇਲ ਹਾਦਸਾ ਹੋਇਆ ਸੀ, ਜਿਸ ਵਿਚ 60 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਉਸ ਦੀ ਜਾਂਚ ਲਈ ਇਕ 'ਸਿੱਟ' ਬਣਾਈ ਗਈ ਸੀ ਪਰ ਉਹ ਬੇਨਤੀਜਾ ਨਿਕਲੀ। ਇਸੇ ਤਰ੍ਹਾਂ ਪਿਛਲੇ ਸਾਲ ਬਟਾਲਾ ਦੀ ਇਕ ਪਟਾਕਾ ਫੈਕਟਰੀ ਵਿਚ ਭਿਆਨਕ ਬਲਾਸਟ ਹੋਇਆ ਸੀ, ਜਿਸ ਵਿਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਪਰ ਉਹ ਜਾਂਚ ਵੀ ਬੇਨਤੀਜਾ ਨਿਕਲੀ। ਇਸ ਲਈ ਉਨ੍ਹਾਂ ਨੇ ਹੁਣ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੀ ਸਿਫਾਰਸ਼ ਰਾਜਪਾਲ ਨੂੰ ਕੀਤੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਹੀ ਐਕਸਾਈਜ਼ ਮਹਿਕਮਾ ਹੈ ਅਤੇ ਗ੍ਰਹਿ ਵਿਭਾਗ ਵੀ ਉਨ੍ਹਾਂ ਕੋਲ ਹੈ, ਇਸ ਕਾਰਣ ਕੋਈ ਵੀ ਨਿਰਪੱਖ ਜਾਂਚ ਹੋਣੀ ਅਸੰਭਵ ਹੈ। ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦੇਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਜਿਹੜੇ ਦੋਸ਼ੀਆਂ ਨੇ ਪੰਜਾਬ ਦੀ ਆਰਥਿਕਤਾ ਨੂੰ ਚੂਨਾ ਲਾਇਆ ਹੈ ਅਤੇ ਸਵਾ ਸੌ ਤੋਂ ਵੱਧ ਮੌਤਾਂ ਦੇ ਜ਼ਿੰਮੇਵਾਰ ਹਨ ਜੇਕਰ ਮੁੱਖ ਮੰਤਰੀ ਉਨ੍ਹਾਂ ਵਿਰੁੱਧ ਸੱਚਮੁੱਚ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦੇਣ। ਕਾਂਗਰਰਸ ਪ੍ਰਧਾਨ ਸੁਨੀਲ ਜਾਖੜ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਜਾਖੜ ਸਾਹਿਬ! ਮੈਂ, ਸਮਸ਼ੇਰ ਸਿੰਘ ਦੂਲੋ ਅਤੇ ਤੁਸੀਂ ਸਾਰੇ ਇਕੱਠੇ ਸੋਨੀਆ ਗਾਂਧੀ ਦੇ ਘਰ ਚਲਦੇ ਹਾਂ ਅਤੇ ਉੱਥੇ ਦੇਖਦੇ ਹਾਂ ਕਿ ਸੋਨੀਆ ਗਾਂਧੀ ਕਿਸ ਨੂੰ ਘਰੋਂ ਬਾਹਰ ਕੱਢਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਨ੍ਹਾਂ ਕੋਲੋਂ ਅਸਤੀਫਾ ਮੰਗੇਗੀ ਤਾਂ ਉਹ ਅਤੇ ਸਮਸ਼ੇਰ ਸਿੰਘ ਦੂਲੋ ਆਪਣਾ ਅਸਤੀਫਾ ਆਲ ਇੰਡੀਆ ਕਾਂਗਰਸ ਪ੍ਰਧਾਨ ਨੂੰ ਸੌਂਪ ਦੇਣਗੇ।

ਸਕਿਓਰਿਟੀ ਸਬੰਧੀ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਜੋ ਸਕਿਓਰਿਟੀ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ, ਉਹ ਮਾਰਚ ਮਹੀਨੇ ਵਿਚ ਹੀ ਰਿਸਟੋਰ ਹੋ ਗਈ ਸੀ ਅਤੇ ਇਸ ਲਈ ਰਾਜ ਸਭਾ ਵਿਚ ਕਾਂਗਰਸ ਪਾਰਟੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੱਲੋਂ ਇਕ ਚਿੱਠੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਨ੍ਹਾਂ ਦੀ ਸਕਿਓਰਿਟੀ ਵਧਾਉਣ ਲਈ ਪਿਛਲੇ ਸਾਲ ਲਿਖੀ ਗਈ ਸੀ, ਜਿਸ ਨੂੰ ਅੱਜ ਉਨ੍ਹਾਂ ਨੇ ਮੀਡੀਆ ਸਾਹਮਣੇ ਦਿਖਾਇਆ ਅਤੇ ਕਿਹਾ ਕਿ ਭਾਜਪਾ ਵਿਚ ਜਾਣ ਦੀਆਂ ਅਟਕਲਾਂ ਬਿਲਕੁਲ ਬੇਬੁਨਿਆਦ ਅਤੇ ਤੱਥਾਂ ਤੋਂ ਰਹਿਤ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਖੁਦ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਪੰਜਾਬ ਵਿਚ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਪਰ ਅੱਜ ਚਾਰ ਸਾਲ ਦਾ ਸਮਾਂ ਹੋ ਚੱਲਿਆ ਹੈ ਅਤੇ ਅੱਜ ਸਵਾ ਸੌ ਦੇ ਕਰੀਬ ਲੋਕ ਨਸ਼ਿਆਂ ਦੀ ਦਲਦਲ ਵਿਚ ਧੱਸਦੇ ਹੋਏ ਮੌਤ ਦੇ ਮੂੰਹ ਵਿਚ ਚਲੇ ਗਏ ਹਨ।

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੀ ਜਗ੍ਹਾ 10-10 ਲੱਖ ਰੁਪਏ ਦੇਣ। ਇਸ ਮੌਕ ਬਾਜਵਾ ਦੇ ਨਾਲ ਉਨ੍ਹਾਂ ਦਾ ਸਪੁੱਤਰ ਵਿਕਰਮ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ, ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਪੰਮਾ, ਹਰਜੀਤ ਸਿੰਘ ਬਾਜਵਾ, ਬਰਿੰਦਰ ਸਿੰਘ, ਰਛਪਾਲ ਸਿੰਘ ਭੋਲਾ, ਰੂਪ ਲਾਲ ਸਾਬਕਾ ਕੌਂਸਲਰ ਅਤੇ ਗਿਤੇਸ਼ ਸਾਨਨ ਆਦਿ ਹਾਜ਼ਰ ਸਨ।

 


Deepak Kumar

Content Editor

Related News