ਕਰੰਟ ਲੱਗਣ ਕਾਰਨ ਲਾਈਨਮੈਨ ਦੀ ਮੌਤ

06/16/2019 8:47:07 PM

ਖਡੂਰ ਸਾਹਿਬ, (ਜਸਵਿੰਦਰ)- ਥਾਣਾ ਗੋਇੰਦਵਾਲ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਵਿਖੇ ਬਿਜਲੀ ਦੀ ਮੁਰੰਮਤ ਦੌਰਾਨ ਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬਿਜਲੀ ਘਰ ਖਡੂਰ ਸਾਹਿਬ ਵਿਖੇ ਬਤੌਰ ਅਰਬਨ ਫੀਡਰ ਲਾਈਨਮੈਨ ਦੀ ਡਿਊਟੀ ਕਰਨ ਵਾਲੇ ਪਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਨਾਗੋਕੇ ਵਲੋਂ ਬੀਤੇ ਦਿਨੀਂ ਸਵੇਰੇ ਕਰੀਬ ਛੇ ਵਜੇ ਕਸਬਾ ਖਡੂਰ ਸਾਹਿਬ ਦੀ ਪੱਤੀ ਲੰਮਿਆਂ ਵਿਖੇ ਸਥਿਤ ਟਰਾਂਸਫਾਰਮਰ ਦਾ ਜੈਂਪਰ ਸਹੀ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਅਚਾਨਕ ਟਰਾਂਸਫਾਰਮਰ 'ਚ ਆਏ ਕਰੰਟ ਕਾਰਨ ਬਿਜਲੀ ਮੁਰੰਮਤ ਕਰ ਰਿਹਾ ਉਕਤ ਲਾਈਨਮੈਨ ਟਰਾਂਸਫਾਰਮਰ ਤੋਂ ਝਟਕਾ ਲੱਗਣ ਕਾਰਨ ਹੇਠਾਂ ਡਿੱਗ ਗਿਆ, ਜਿਸ ਕਾਰਨ ਮ੍ਰਿਤਕ ਦੇ ਸਿਰ 'ਚ ਵੀ ਗੰਭੀਰ ਸੱਟ ਲੱਗ ਗਈ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਲਾਈਨਮੈਨ ਪਲਵਿੰਦਰ ਸਿੰਘ ਨਾਗੋਕੇ ਪਿਛਲੇ ਕਈ ਸਾਲਾਂ ਤੋਂ ਆਪਣੀ ਡਿਊਟੀ ਬੜੀ ਹੀ ਈਮਾਨਦਾਰੀ ਅਤੇ ਲਗਨ ਨਾਲ ਨਿਭਾ ਰਿਹਾ ਸੀ। ਅਚਾਨਕ ਵਾਪਰੀ ਇਸ ਦੁੱਖਦਾਈ ਘਟਨਾ ਦੌਰਾਨ ਪਾਵਰਕਾਮ ਦੇ ਸਥਾਨਕ ਐੱਸ.ਡੀ.ਓ. ਮਨਦੀਪ ਕੌਰ, ਜੇ.ਈ. ਅਮਨਦੀਪ ਸਿੰਘ, ਜੇ.ਈ. ਅਵਤਾਰ ਕ੍ਰਿਸ਼ਨ, ਜੇ.ਈ. ਕੁਲਜਿੰਦਰ ਸਿੰਘ, ਪ੍ਰਧਾਨ ਮੇਜਰ ਸਿੰਘ, ਲਾਈਨਮੈਨ ਸ਼ਿੰਗਾਰਾ ਸਿੰਘ, ਸਰਵਣ ਸਿੰਘ ਆਦਿ ਸਮੂਹ ਮੁਲਾਜ਼ਮਾਂ ਤੋਂ ਇਲਾਵਾ ਕਸਬਾ ਖਡੂਰ ਸਾਹਿਬ ਦੇ ਵੱਖ-ਵੱਖ ਆਗੂਆਂ ਵਲੋਂ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।


KamalJeet Singh

Content Editor

Related News