ਆਰਮੀ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰਨ ਵਾਲਾ ਕਾਬੂ

03/01/2020 9:28:45 PM

ਪਠਾਨਕੋਟ, (ਆਦਿਤਿਆ)- ਆਰਮੀ ’ਚ ਭਰਤੀ ਦੇ ਨਾਂ ’ਤੇ 2 ਲੱਖ ਠੱਗਣ ਵਾਲੇ ਨੂੰ ਪੀ. ਓ. ਸਟਾਫ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਕੋਰਟ ਨੇ ਦੋਸ਼ੀ ਸਤੀਸ਼ ਕੁਮਾਰ ਨੂੰ 2019 ’ਚ ਹੀ ਭਗੌਡ਼ਾ ਐਲਾਨ ਕਰਾਰ ਦਿੱਤਾ ਸੀ। ਪੀ. ਓ. ਸਟਾਫ ਟੀਮ ਨੇ ਉਸ ਨੂੰ ਧੱਕਾ ਕਾਲੋਨੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੀ. ਓ. ਸਟਾਫ ਇੰਚਾਰਜ ਸੁਰਿੰਦਰ ਮੋਹਨ ਨੇ ਦੱਸਿਆ ਕਿ ਪਿੰਡ ਕੁਠੇਡ਼ ਨਿਵਾਸੀ ਬਲਰਾਮ ਨੇ ਥਾਣਾ ਸ਼ਾਹਪੁਰਕੰਢੀ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਦੋਸ਼ੀ ਨੇ ਉਸ ਨੂੰ ਆਰਮੀ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਠੱਗੇ ਸੀ। ਅਗਸਤ 2012 ’ਚ ਦੋਸ਼ੀ ’ਤੇ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਕੋਰਟ ’ਚ ਪੇਸ਼ ਕੀਤਾ ਗਿਆ। ਦੋਸ਼ੀ ਨੇ ਜ਼ਮਾਨਤ ਹਾਸਲ ਕੀਤੀ ਅਤੇ ਰਿਹਾਅ ਹੋ ਗਿਆ। ਕੋਰਟ ਟਰਾਇਲ ਦੌਰਾਨ ਉਸ ਨੂੰ ਅਹਿਸਾਸ ਹੋਇਆ ਕਿ ਠੱਗੀ ਦੇ ਕੇਸ ’ਚ ਉਸ ਨੂੰ ਸਜ਼ਾ ਹੋ ਜਾਵੇਗੀ, ਜਿਸ ਕਾਰਣ ਉਸ ਨੇ ਕੋਰਟ ’ਚ ਆਉਣਾ ਬੰਦ ਕਰ ਦਿੱਤਾ ਅਤੇ ਗੈਰ-ਹਾਜ਼ਰ ਹੋ ਗਿਆ। ਕੋਰਟ ਵੱਲੋਂ ਸੰਮਨ ਅਤੇ ਵਾਰੰਟ ਭੇਜੇ ਗਏ ਪਰ ਉਹ ਹਾਜ਼ਰ ਨਾ ਹੋਇਆ, ਜਿਸ ਕਾਰਣ ਕੋਰਟ ਨੇ ਦੋਸ਼ੀ ਸਤੀਸ਼ ਨੂੰ ਜਨਵਰੀ 2019 ’ਚ ਭਗੌਡ਼ਾ ਕਰਾਰ ਦਿੱਤਾ। ਉਸ ਦੇ ਬਾਅਦ ਦੋਸ਼ੀ ਠਿਕਾਣੇ ਬਦਲਦਾ ਰਿਹਾ ਪਰ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ ਕਾਬੂ ਕਰ ਲਿਆ।


Bharat Thapa

Content Editor

Related News