ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 15 ਅਗਸਤ ਨੂੰ ਮਨਾਏਗੀ ਅਧੂਰਾ ਆਜ਼ਾਦੀ ਦਿਹਾੜਾ

08/14/2021 6:32:05 PM

ਤਰਨਤਾਰਨ (ਰਾਜੂ)- ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਦੇ ਜੋਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਨਰਲ ਬਾਡੀ ਦੀ ਮੀਟਿੰਗ ਗੁਰਦੁਆਰਾ ਧੰਨ-ਧੰਨ ਬਾਬਾ ਵੀਰਮ ਜੀ ਮਾਣੋਚਾਹਲ ਖੁਰਦ ਵਿਖੇ ਜ਼ੋਨ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਜਨਰਲ ਸਕੱਤਰ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕੀਤਾ। ਮੀਟਿੰਗ ਦੌਰਾਨ ਇਕਾਈ ਦੇ ਫੰਡਾਂ ਨੂੰ ਦਰੁਸਤ ਕਰਨ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਇਲਾਵਾ 15 ਅਗਸਤ ਨੂੰ ਦੇਸ਼ ਦੇ ਆਜ਼ਾਦੀ ਦਿਹਾਡ਼ੇ ਨੂੰ ਅਧੂਰਾ ਆਜ਼ਾਦੀ ਦਿਹਾਡ਼ਾ ਵਜੋਂ ਮਨਾਉਣ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਸ਼ਰਧਾਂਜਲੀ ਅਤੇ ਦੇਸ਼ ਦੀ ਵੰਡ ਦੌਰਾਨ ਮਾਰੇ ਗਏ ਲੱਖਾਂ ਨਿਰਦੋਸ਼ ਲੋਕਾਂ ਨੂੰ ਯਾਦ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਪਤੀ ਨੇ ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ, 7 ਸਾਲ ਪਹਿਲਾਂ ਹੋਈ ਸੀ 'ਲਵ ਮੈਰਿਜ'

ਮੀਟਿੰਗ ਦੌਰਾਨ 28 ਅਤੇ 29 ਸਤੰਬਰ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਦਿੱਤੇ ਜਾਣ ਵਾਲੇ ਧਰਨਿਆਂ ਬਾਰੇ ਵੀ ਵਿਚਾਰਾਂ ਹੋਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਆਦਿ ਆਗੂਆਂ ਨੇ ਕਿਹਾ ਕਿ ਬੇਸ਼ੱਕ 15 ਅਗਸਤ ਨੂੰ ਅੰਗਰੇਜ਼ਾਂ ਕੋਲੋਂ ਦੇਸ਼ ਆਜ਼ਾਦ ਨੂੰ ਕਰਵਾ ਲਿਆ ਗਿਆ ਸੀ ਪਰ ਦੇਸ਼ ਦੀ ਜਨਤਾ ਨੂੰ ਅਜੇ ਤੱਕ ਪੂਰੀ ਆਜ਼ਾਦੀ ਨਹੀਂ ਮਿਲੀ। ਸਗੋਂ ਅੰਗਰੇਜ਼ਾਂ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਸ਼ੰਕਿਆਂ ਅਨੁਸਾਰ ਅਸੀਂ ਕਾਲੇ ਅੰਗਰੇਜ਼ਾਂ ਦੇ ਰੂਪ ਵਿਚ ਸਿਆਸੀ ਨੇਤਾਵਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੋ ਕੇ ਰਹਿ ਗਏ ਹਾਂ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਸੰਤਾਪ ਪੰਜਾਬ ਅਤੇ ਪੰਜਾਬੀਆਂ ਨੇ ਭੋਗਿਆ ਪਰ ਕੇਂਦਰ ਦੀਆਂ ਸਰਕਾਰਾਂ ਨੇ ਸਭ ਤੋਂ ਵੱਧ ਮਾਡ਼ਾ ਸਲੂਕ ਪੰਜਾਬ ਨਾਲ ਹੀ ਕੀਤਾ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਫ਼ੈਸਲੇ ਅਨੁਸਾਰ 15 ਅਗਸਤ ਨੂੰ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ਦਾ ਘਿਰਾਓ ਕਰਨ ਦੇ ਸੱਦੇ ਅਨੁਸਾਰ ਡੀ. ਸੀ. ਦਫ਼ਤਰ ਤਰਨਤਾਰਨ ਅੱਗੇ ਇਕੱਠ ਕਰਕੇ ਗੂੰਗੀਆਂ ਬੋਲੀਆਂ ਸਰਕਾਰਾਂ ਤੱਕ ਆਪਣੇ ਹੱਕਾਂ ਬਾਰੇ ਆਵਾਜ਼ ਬੁਲੰਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਲਈ ਬੇਹੱਦ ਰਾਹਤ ਭਰੀ ਖ਼ਬਰ, ਸਿਰਫ਼ ਇਕ ਵਿਅਕਤੀ ਦੀ ਹੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਉਥੇ ਹੀ ਦੇਸ਼ ਦੀ ਆਜ਼ਾਦੀ ਦੌਰਾਨ ਸ਼ਹੀਦ ਹੋਏ ਉਸ ਸਮੇਂ ਦੇ ਪ੍ਰਵਾਨਿਆਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਵੰਡ ਦੌਰਾਨ ਹੋਏ ਦੰਗਿਆਂ ’ਚ ਸਾਰੇ ਨਿਰਦੋਸ਼ ਲੋਕਾਂ ਨੂੰ ਯਾਦ ਕਰਦਿਆਂ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦਿਆਂ ਕੇਂਦਰ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨ ਰੱਦ ਕਰਨ ਅਤੇ ਐੱਮ. ਐੱਸ. ਪੀ. ’ਤੇ ਸਾਰੀਆਂ ਫਸਲਾਂ ਦੀ ਖਰੀਦ ਗਾਰੰਟੀ ਦੀ ਮੰਗ ਨੂੰ ਦੁਹਰਾਇਆ ਜਾਵੇਗਾ। ਇਸ ਮੌਕੇ ’ਤੇ ਸਲਵਿੰਦਰ ਸਿੰਘ ਡਾਲੇਕੇ, ਸਰਵਣ ਸਿੰਘ ਵਲੀਪੁਰ, ਜਗੀਰ ਸਿੰਘ ਚੁਤਾਲਾ, ਸਤਨਾਮ ਸਿੰਘ ਖਹਿਰਾ, ਮੰਗਲ ਸਿੰਘ ਨੰਦਪੁਰ, ਤਰਸੇਮ ਸਿੰਘ ਕੱਦਗਿੱਲ, ਕੁਲਵਿੰਦਰ ਸਿੰਘ, ਗੁਰਮੇਜ ਸਿੰਘ ਰੂਡ਼ੇ ਆਸਲ, ਅਮਰੀਕ ਸਿੰਘ ਜੰਡੋਕੇ, ਜਸਵੰਤ ਸਿੰਘ ਪਲਾਸੌਰ, ਸਤਨਾਮ ਸਿੰਘ, ਬਲਜੀਤ ਸਿੰਘ ਮੁਗਲਚੱਕ ਪੰਨੂੰਆਂ, ਸਰੂਪ ਸਿੰਘ ਲੌਹਕਾ, ਕੁਲਦੀਪ ਸਿੰਘ ਬੁੱਘਾ, ਦਾਰਾ ਸਿੰਘ ਸਰਹਾਲੀ, ਸਕੱਤਰ ਸਿੰਘ ਕੱਦਗਿੱਲ, ਸਰਵਣ ਸਿੰਘ ਜਵੰਦਾ, ਪਰਮਜੀਤ ਸਿੰਘ ਚੰਬਲ, ਗੁਰਮੇਜ ਸਿੰਘ, ਦੇਸਾ ਸਿੰਘ ਮੁਗਲਚੱਕ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਕਰੀਬ 2 ਹਜ਼ਾਰ ਮੁਲਾਜ਼ਮ ਕਰਨਗੇ ਜਲੰਧਰ ਸ਼ਹਿਰ ਦੀ ਰਖਵਾਲੀ, ਸਟੇਡੀਅਮ ਸੀਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News