ਕਿਸਾਨ ਮਾਰੂ ਆਰਡੀਨੈਂਸਾਂ ਖਿਲਾਫ ਅੱਗ ਉਗਲਦਾ ਹੋਇਆ ਵੈਟਨਰੀ ਇੰਸ.ਐਸੋਸੀਏਸ਼ਨ ਦਾ ਸੂਬਾ

09/25/2020 5:35:47 PM

ਪਠਾਨਕੋਟ (ਅਦਿੱਤਿਆ) - ਅੱਜ ਪੰਜਾਬ ਬੰਦ ਦੌਰਾਨ ਕਿਸਾਨਾਂ ਵੱਲੋ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗ‌ਏ ਕਿਸਾਨ ਮਾਰੂ ਆਰਡੀਨੈਂਸ, ਜੋ ਪੰਜਾਬ ਦੀ ਕਿਸਾਨੀ ਘਾਣ ਕਰਨ ਵਾਲੇ ਹਨ, ਦੇ ਵਿਰੋਧ ’ਚ ਸ੍ਰੀ ਅੰਮ੍ਰਿਤਸਰ ਜੰਮੂ ਰਾਸ਼ਟਰੀ ਰਾਜ ਮਾਰਗ ’ਤੇ ਆਵਾਜਾਈ ਠੱਪ ਕਰਕੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਪਿੰਡਾਂ ਦੇ ਕਿਸਾਨ, ਮਜਦੂਰ, ਆੜ੍ਹਤੀ ਵਹੀਰਾਂ ਘੱਤ ਕੇ ਕਾਫਲਿਆਂ ਦੇ ਰੂਪ‌ ਵਿਚ ਆਪਣੇ ਸਾਧਨਾਂ ਰਾਹੀਂ ਵੱਡੀ ਗਿਣਤੀ‌ ਵਿਚ ਪਹੁੰਚੇ। ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਇਨ੍ਹਾਂ ਆਰਡੀਨੈਂਸਾਂ ਦੇ ਪੈਣ ਵਾਲੇ ਬੂਰੇ ਪ੍ਰਭਾਵਾਂ ਬਾਰੇ ਕਿਸਾਨਾਂ, ਮਜਦੂਰਾਂ,ਅਤੇ ਆੜਤੀਆਂ ਨੂੰ ਵਿਸਤਾਰ ਪੂਰਵਕ ਦੱਸਿਆ।

ਉਨ੍ਹਾਂ ਕਿਹਾ ਕਿ ਪੰਜਾਬੀਅਤ ਅਤੇ ਕਿਸਾਨੀ ਦਾ ਮਖੌਟਾ ਪਹਿਨ ਕੇ ਮੋਦੀ ਕੈਬਨਿਟ ਵਿਚ ਜਦੋਂ ਇਹ ਕਿਸਾਨ ਮਾਰੂ ਬਿਲ ਲਿਆਂਦੇ ਗ‌ਏ, ਉਸ ਸਮੇਂ ਪੰਜਾਬ‌ ਨਾਲ ਸਬੰਧਿਤ ਮੰਤਰੀਆਂ ਦੀ ਕਾਰਗੁਜਾਰੀ ਬਾਰੇ ਵੀ ਕਿਸਾਨਾਂ ਨੂੰ ਸੁਚੇਤ ਕੀਤਾ। ਇਹ ਮੰਤਰੀ ਹੁਣ ਕਿਸਾਨਾਂ ਦੇ ਹੱਕ ਵਿਚ ਮਗਰਮੱਛ ਦੇ ਅੱਥਰੂ ਵਹਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਸਿਆਸਤਦਾਨਾਂ‌ ਤੋਂ ਦੂਰ ਰਹਿਣ ਲਈ ਕਿਹਾ ਅਤੇ ਕਿਸਾਨ ਮਾਰੂ ਆਰਡੀਨੈਂਸ ਰੱਦ ਹੋਣ ਤੱਕ ਸਮੂਹ ਪੰਜਾਬੀਆਂ ਨੂੰ ਆਰ-ਪਾਰ ਦੀ ਲੜਾਈ ਲੜਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਲੂਣ ਖਾ ਕੇ ਜਿਨ੍ਹਾਂ ਪੰਜਾਬ ਦੇ ਸੰਸਦ ਮੈਂਬਰਾਂ ਨੇ ਇਨ੍ਹਾਂ ਕਿਸਾਨ ਮਾਰੂ ਆਰਡੀਨੈਂਸਾਂ ’ਤੇ ਦਸਤਖ਼ਤ ਕਰਕੇ ਸਮੂਹ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ, ਉਨ੍ਹਾਂ ਦਾ ਪੂਰਨ ਬਾਈਕਾਟ ਕੀਤਾ ਜਾਵੇ। ਮਹਾਜ਼ਨ ਨੇ ਕਿਸਾਨ, ਵਪਾਰੀਆਂ ਅਤੇ ਮਜਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਉਨ੍ਹਾਂ ਦੀ ਟੀਮ ਕਿਸਾਨ ਮਾਰੂ ਕਾਲੇ ਕਾਨੂੰਨ ਰੱਦ ਹੋਣ ਤੱਕ ਉਨ੍ਹਾਂ ਦਾ‌ ਪੂਰਾ ਸਾਥ ਦੇਵੇਗੀ।

rajwinder kaur

This news is Content Editor rajwinder kaur