ਕਿਰਤੀ ਕਿਸਾਨ ਯੂਨੀਅਨ (ਪੰਜਾਬ) ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

05/08/2021 8:42:22 PM

ਹਰਸ਼ਾ ਛੀਨਾ (ਭੱਟੀ)-ਅੱਜ ਕੁੱਕੜਾਂਵਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਧਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਕਾਮਰੇਡ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਨੂੰ ਬਰਬਾਦ ਕਰਨ ਲਈ ਵੱਡੇ-ਵੱਡ ਸ਼ਾਪਿੰਗ ਮਾਲ ਖੋਲ੍ਹ ਕੇ ਛੋਟੇ-ਛੋਟੇ ਦੁਕਾਨਦਾਰਾਂ, ਦਿਹਾੜੀਦਾਰਾਂ ਅਤੇ ਕਿਰਤੀਆਂ ਨੂੰ ਬਰਬਾਦ ਕਰਨ ਲਈ ਕੋਰੋਨਾ ਦੀ ਆੜ ਵਿੱਚ ਦੁਕਾਨਾਂ ਬੰਦ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਪੰਜ ਮਹੀਨਿਆਂ ਤੋਂ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਉੁਤੇ ਡੇਰੇ ਲਾਏ ਹਨ, ਜਦਕਿ ਮੋਦੀ ਸਰਕਾਰ ਦੇ ਦਬਾਅ ਹੇਠ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਹੋ ਜਿਹੇ ਲੋਕ ਮਾਰੂ ਫੈਸਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੋਲ ਇਸ ਮਹਾਮਾਰੀ ਨਾਲ ਲੜਨ ਲਈ ਕੋਈ ਕਾਰਗਰ ਯੋਜਨਾ ਨਹੀਂ ਹੈ ਤੇ ਨਾ ਹੀ ਹਸਪਤਾਲਾਂ ਵਿੱਚ ਕੋਈ ਪ੍ਰਬੰਧ ਹੈ, ਜਦਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਮੋਦੀ ਦਾ ਝੋਲੀ ਚੁੱਕ ਬਣ ਕੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ’ਤੇ ਜ਼ੁਲਮ ਦਾ ਡੰਡਾ ਚਲਾ ਰਿਹਾ ਹੈ ਅਤੇ ਜੇਕਰ ਕੋਈ ਇਸ ਸਰਕਾਰ ਵਿਰੁੱਧ ਕੁਝ ਬੋਲਦਾ ਹੈ ਤਾਂ ਉਸ ਉੁਪਰ ਨਾਜਾਇਜ਼ ਤੌਰ ’ਤੇ ਪਰਚੇ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਪ੍ਰੇਰਿਤ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਖੋਲ੍ਹਣ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਸੁਖਦੀਪ ਸਿੰਘ ਛੀਨਾ, ਹਰਪਾਲ ਸਿੰਘ ਛੀਨਾ, ਅਵਤਾਰ ਸਿੰਘ, ਸਾਧਾ ਸਿੰਘ ਸਾਬਕਾ ਸਰਪੰਚ ਛੀਨਾ, ਤੇਜਬੀਰ ਸਿੰਘ ਬੱਗਾ ਕਲਾਂ ਸਰਪੰਚ, ਮਾਸਟਰ ਲੱਖਾ ਸਿੰਘ ਬੱਗਾ, ਸਤਨਾਮ ਸਿੰਘ ਛੀਨਾ, ਕੁਲਵੰਤ ਸਿੰਘ ਤੌਲਾਨੰਗਲ, ਰੋਸ਼ਨ ਸਿੰਘ ਛੀਨਾ, ਅੰਮ੍ਰਿਤ ਪਾਲ ਸਿੰਘ ਛੀਨਾ, ਅਰਸ਼ ਛੀਨਾ, ਸੁੱਚਾ ਸਿੰਘ ਛੀਨਾ, ਹਰਜੀਤ ਸਿੰਘ ਛੀਨਾ ਆਦਿ ਹਾਜ਼ਰ ਸਨ। 
 


Manoj

Content Editor

Related News