ਕੁਦਰਤ ਦੇ ਮਾਰੇ ਨੌਜਵਾਨ ''ਤੇ ਫਿਰ ਡਿੱਗਾ ਕਿਸਮਤ ਦਾ ਕਹਿਰ

02/22/2019 2:29:20 PM

ਖੇਮਕਰਨ (ਸੋਨੀਆ) : ਕਹਿੰਦੇ ਨੇ ਕਿ ਕਦੇ ਕਦੇ ਕੁਦਰਤ ਕਿਸੇ ਇਨਸਾਨ ਨਾਲ ਕਰੋਪ ਕਰ ਜਾਂਦੀ ਹੈ ਆਦਮੀ ਨਾ ਚਾਹੁੰਦਾ ਹੋਇਆ ਵੀ ਕੁਦਰਤ ਦੇ ਇਸ ਫੈਸਲੇ ਤੋਂ ਬਾਗੀ ਹੋ ਜਾਂਦਾ ਹੈ। ਪਰ ਕਹਿੰਦੇ ਨੇ ਕਿ ਕਿਸਮਤ ਦੇ ਹਾਰਿਆਂ ਨੂੰ ਫਿਰ ਵੀ ਕੁਦਰਤ ਅੱਗੇ ਵਧਣ ਨਹੀਂ ਦਿੰਦੀ ਅਤੇ ਉਸਨੂੰ ਦੁੱਖ ਦੇ ਉੱਪਰ ਦੁੱਖ ਦਿੰਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਹੀ ਇਕ ਮਿਸਾਲ ਮਿਲਦੀ ਹੈ ਪਿੰਡ ਮਾੜੀਮੇਘਾ ਦੇ ਨੌਜਵਾਨ ਕੁਲਵੰਤ ਸਿੰਘ ਪੁੱਤਰ ਸਵ. ਮੁਖਤਾਰ ਸਿੰਘ, ਜੋ ਜਨਮ ਤੋਂ ਹੀ ਪੋਲਿਓ ਵਰਗੀ ਨਾਮੁਰਾਦ ਬੀਮਾਰੀ ਤੋਂ ਅੰਗਹੀਣ ਸੀ। ਕੁਲਵੰਤ ਨੇ ਫਿਰ ਵੀ ਭੀਖ ਮੰਗਣ ਦੀ ਬਜਾਏ ਮਿਹਨਤ ਕਰਨ ਲਈ ਕੁੱਝ ਪੈਸਿਆਂ ਖਾਤਿਰ ਅਤੇ ਬਜ਼ੁਰਗ ਮਾਂ  ਨੂੰ  ਰੋਟੀ ਦੇਣ ਲਈ ਹਲਵਾਈ ਦੀ ਦੁਕਾਨ 'ਤੇ ਸਮੋਸੇ ਭਰਨ ਦੇ ਕੰਮ 'ਤੇ ਲੱਗ ਗਿਆ ਅਤੇ ਲਗਾਤਾਰ ਮਿਹਨਤ ਕਰਦਾ ਰਿਹਾ। ਕੁਲਵੰਤ ਨੂੰ ਜੋ ਵੀ ਹਲਵਾਈ ਵਲੋਂ ਮਿਹਨਤ ਮਜ਼ਦੂਰੀ ਮਿਲਦੀ ਉਸ ਨਾਲ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ, ਪਰ ਸ਼ਾਇਦ ਕੁਦਰਤ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਕਿ ਕੁਲਵੰਤ ਮਿਹਨਤ ਨਾਲ ਰੋਟੀ ਖਾ ਸਕੇ ਅਤੇ ਉਸ ਨੇ ਕੁਲਵੰਤ ਉੱਤੇ ਫਿਰ ਤੋਂ ਦੁੱਖਾਂ ਦਾ ਇਕ ਹੋਰ ਪਹਾੜ ਲਿਆ ਸੁੱਟਿਆ। ਅਚਾਨਕ ਇਕ ਦਿਨ ਕੁਲਵੰਤ  ਕਿਸੇ ਖਾਸ ਕੰਮ ਲਈ ਕਿਸੇ ਜਾਣ ਪਹਿਚਾਣ ਵਾਲੇ ਨਾਲ ਮੋਟਰ ਸਾਈਕਲ ਪਿੱਛੇ ਬੈਠ ਕੇ ਕਸਬਾ ਸੁਰਸਿੰਘ ਤੋਂ ਆ ਰਿਹਾ ਸੀ ਕਿ ਮੋਟਰ ਸਾਈਕਲ ਸਲਿਪ ਹੋਣ ਕਰਕੇ ਦੋਵੇਂ ਜਾਣੇ ਡਿੱਗ ਪਏ ਦੂਸਰੇ ਨੂੰ ਤਾਂ ਮਾਮੂਲੀ ਸੱਟਾਂ ਲੱਗੀਆਂ ਪਰ ਕੁਲਵੰਤ ਦੀ ਪੋਲੀਓ ਵਾਲੀ ਲੱਤ ਟੁੱਟ ਗਈ। ਘਰ ਦੀ ਗਰੀਬੀ ਕਾਰਨ ਪੈਸੇ ਨਾ ਹੋਣ ਕਰਕੇ ਗੁਆਢੀਆਂ  ਦੀ ਮਦਦ ਨਾਲ ਲੱਤ 'ਤੇ ਪਲੱਸਤਰ  ਲਵਾ ਦਿੱਤਾ ਪਰ ਫਿਰ ਵੀ ਬਜ਼ੁਰਗ ਮਾਂ ਦੀ ਰੋਟੀ ਦੇ  ਫਿਕਰ ਨੇ ਕੁਲਵੰਤ ਨੂੰ ਮੰਗਣ ਲਈ ਮਜਬੂਰ ਕਰ ਦਿੱਤਾ ਹੈ। ਉਸ ਨੇ ਜਗਬਾਣੀ ਦੁਆਰਾ  ਹੱਥ ਜੋੜ ਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ  ਕੀਤੀ ਹੈ ਕਿ ਨੇੜਲੇ ਘਰਾਂ ਦਾ ਇਲਾਜ ਸਮੇਂ ਗਹਿਣੇ ਪਿਆ  ਸੋਨਾ ਜੋ 10 ਹਜ਼ਾਰ 'ਚ ਗਹਿਣੇ ਪਿਆ ਹੈ ਉਹ ਛੁਡਵਾ ਦਿੱਤਾ ਜਾਵੇ ਅਤੇ ਬਜ਼ੁਰਗ ਮਾਂ ਦੀ ਰੋਟੀ ਲਈ ਕੁੱਝ ਰਾਸ਼ਨ ਦਿੱਤਾ ਜਾਵੇ ਅਤੇ ਉਸ ਦਾ ਇਲਾਜ ਕਰਵਾਇਆ ਜਾਵੇ ਤਾਂ ਕਿ ਉਹ ਮੁੜ ਆਪਣੇ ਹੱਡਾਂ ਪੈਰਾਂ 'ਤੇ ਹੋ ਕੇ ਕਮਾਈ ਕਰ ਸਕੇ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ। ਇਸ ਮੌਕੇ ਪਿੰਡ ਵਾਸੀ ਮਹਿਲ ਸਿੰਘ, ਭਲਵਾਨ, ਭਾਈ ਗੁਰਸਾਹਿਬ ਸਿੰਘ ਮਾੜੀਮੇਘਾ, ਸੁਖਵੰਤ ਸਿੰਘ ਖਾਲੜੀਆਂ, ਜੱਜ ਸਿੰਘ, ਗੁਰਵੰਤ ਸਿੰਘ ਆਦਿ ਨੇ ਧਾਰਮਕ ਸੰਸਥਾਵਾ ਨੂੰ ਅਪੀਲ ਕੀਤੀ ਕਿ ਇਸ ਬੇਹੱਦ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।

Baljeet Kaur

This news is Content Editor Baljeet Kaur