ਖਾਲੜਾ ਪੁਲਿਸ ਨੇ 5 ਨੌਜਵਾਨਾਂ ਨੂੰ ਵੱਖ-ਵੱਖ ਮਾਮਲਿਆਂ ''ਚ ਕੀਤਾ ਕਾਬੂ

04/26/2018 12:16:13 AM

ਖਾਲੜਾ, ਭਿੱਖੀਵਿੰਡ,(ਭਾਟੀਆ, ਬਖਤਾਵਰ, ਰਾਜੀਵ)—ਥਾਣਾ ਖਾਲੜਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆ ਗੋਲੀਆ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਾਬੰਧੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ ਗੁਰਚਰਨ ਸਿੰਘ ਖਾਲੜਾ ਨੇ ਦੱਸਿਆ ਕਿ ਏ. ਐੱਸ. ਆਈ ਭਗਵੰਤ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਮਾੜੀ ਕੰਬੋਕੇ ਵਿਖੇ ਦੋਰਾਨੇ ਗਸਤ ਜਾ ਰਹੇ ਸਨ ਤਾਂ ਅੱਗੋ ਆਉਂਦਾ ਇਕ ਨੌਜਵਾਨ ਦਿਖਾਈ ਦਿੱਤਾ। ਜਿਸ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਸ ਦੌਰਾਨ ਉਸ ਦੇ  ਖਿਲਾਫ ਧਾਰਾ 25-54-59 ਐੱਨ. ਡੀ. ਪੀ. ਸੀ ਐਕਟ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਨੌਜਵਾਨ ਦੀ ਪਛਾਣ ਬਲਦੇਵ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਾੜੀ ਕੰਬੋਕੇ ਵਜੋਂ ਹੋਈ ਹੈ।                                                                                                  ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੁਲਿਸ ਨੇ ਖਾਸ ਮੁਕਬਰ ਦੀ ਇਤਲਾਹ 'ਤੇ ਰਛਪਾਲ ਸਿੰਘ ਪੁੱਤਰ ਸਵਰਨ ਸਿੰਘ ਸਮੇਤ ਤਿੰਨ ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਵਿਅਕਤੀ ਦਾਣਾ ਮੰਡੀਆਂ 'ਚੋਂ ਕਣਕ ਦੀ ਚੋਰੀ ਕਰਨ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਕਤ ਵਿਅਕਤੀਆਂ 'ਤੇ ਧਾਰਾ 379, ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।  
ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਬਾਸਰਕੇ ਦੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਦੀ ਕੋਸ਼ਿਸ ਤਹਿਤ 4 ਨੌਜਵਾਨਾਂ ਅਕਾਸ਼ਦੀਪ ਸਿੰਘ ਪੁੱਤਰ ਜੱਸਾ ਸਿੰਘ, ਕਰਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ, ਜੱਸਾ ਸਿੰਘ ਪੁੱਤਰ ਸਾਹਿਬ ਸਿੰਘ, ਰਛਪਾਲ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਵਲੋਂ ਪਹਿਲਾਂ ਵੀ ਧਾਰਮਿਕ ਸਥਾਨਾਂ ਅਤੇ ਖਾਲੀ ਘਰਾਂ 'ਚ ਛੋਟੀਆਂ-ਮੋਟੀਆਂ ਚੋਰੀਆਂ ਕਰਨ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਏ. ਐੱਸ. ਆਈ ਸਰਬਜੀਤ ਸਿੰਘ ਵੱਲੋ ਕਾਬੂ ਕਰਕੇ ਮੁਕੱਦਮਾ ਨੰਬਰ 25 ਅਧੀਨ ਧਾਰਾ 457, 380 ਦਰਜ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ। ਐੱਸ. ਐੱਚ. ਓ ਗੁਰਚਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਅਦਾਲਤ 'ਚ ਵੀਰਵਾਰ ਨੂੰ ਪੇਸ਼ ਕਰਕੇ ਰਿਮਾਡ ਹਾਸਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਅੱਗੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।