ਕਸਬਾ ਗੋਇੰਦਵਾਲ ਸਾਹਿਬ ਬਣਿਆ ਨਸ਼ਿਆਂ ਦਾ ਗੜ੍ਹ, ਪੁਲਸ ਪ੍ਰਸ਼ਾਸਨ ਸੁੱਤਾ

02/15/2021 1:40:32 PM

ਸ੍ਰੀ ਗੋਇੰਦਵਾਲ ਸਾਹਿਬ (ਪੰਛੀ) - ਇਤਿਹਾਸਕ ਮਹੱਤਤਾ ਪੱਖੋਂ ਸਿੱਖੀ ਦੇ ਧੁਰੇ ਨਾਲ ਜਾਣੇ ਜਾਂਦੇ ਸ੍ਰੀ ਗੋਇੰਦਵਾਲ ਸਾਹਿਬ ਦਾ ਕਸਬਾ ਅੱਜ ਕੱਲ੍ਹ ਨਸ਼ਿਆਂ ਦੀ ਵਿਕਰੀ ਦਾ ਗੜ੍ਹ ਬਣਦਾ ਜਾ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਘੂਕ ਸੁੱਤਾ ਦਿਖਾਈ ਦੇ ਰਿਹਾ ਹੈ। ਕਸਬੇ ’ਚ ਚਿੱਟੇ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੇ ਨਸ਼ਿਆਂ ਦੀ ਵਿਕਰੀ ਕਾਰਨ ਕਸਬਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਨਸ਼ਿਆਂ ਪੱਖੋਂ ਮੋਹਰੀ ਕਸਬਾ ਬਣ ਚੁੱਕਾ ਹੈ। 

ਦੱਸ ਦੇਈਏ ਕਿ ਨਸ਼ਿਆਂ ਦੀ ਵਿਕਰੀ ਲਈ ਨਿੰਮ ਵਾਲੀ ਘਾਟੀ ਤੋਂ ਇਲਾਵਾ ਸ਼ਮਸ਼ਾਨਘਾਟ ਨਜ਼ਦੀਕ ਅਤੇ ਕਸਬੇ ਦੇ ਕਈ ਮੁਹੱਲਿਆਂ ’ਚ ਵਿਕਦੇ ਨਸ਼ੀਲੇ ਪਦਾਰਥ ਖ਼ਰੀਦਣ ਲਈ ਨਸ਼ੇੜੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਕਸਬੇ ’ਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ’ਚ ਅਥਾਹ ਵਾਧਾ ਹੋਇਆ ਹੈ। ਇਸ ਸਾਰੇ ਮਾਹੌਲ ਨੂੰ ਦੇਖ ਕੇ ਜੇਕਰ ਇਹ ਕਹਿ ਲਿਆ ਜਾਵੇ ਕਿ ਇਤਿਹਾਸਕ ਨਗਰੀ ਦਾ ਰੱਬ ਹੀ ਰਾਖਾ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਤਿਹਾਸਕ ਨਗਰ ’ਚ ਵੱਧ ਰਿਹਾ ਨਸ਼ਿਆਂ ਦਾ ਪਸਾਰਾ ਦਿਨੋਂ ਦਿਨ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕਸਬੇ ਵਿਚ ਰੋਜ਼ਾਨਾ ਲੱਖਾਂ ਰੁਪਏ ਦੇ ਨਸ਼ਿਆਂ ਦਾ ਵਪਾਰ ਹੋ ਰਿਹਾ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਥਾਨਕ ਪੁਲਸ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿਚ ਦਿਖਾਈ ਦੇ ਰਹੀ ਹੈ।ਇਲਾਕਾ ਨਿਵਾਸੀਆਂ ਨੇ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਤੋਂ ਮੰਗ ਕੀਤੀ ਹੈ ਕਿ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਚ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ।


rajwinder kaur

Content Editor

Related News