ਕਲਾਨੌਰ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

07/23/2022 4:52:17 PM

ਕਲਾਨੌਰ (ਮਨਮੋਹਨ)- ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਪਾਠ ਕਰ ਰਹੀ ਮਹਿਲਾ ਕੋਲੋਂ ਸ੍ਰੀ ਗੁਟਕਾ ਸਾਹਿਬ ਖੋਹ ਕੇ ਬੇਅਦਬੀ ਦੀ ਕੋਸ਼ਿਸ਼ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਸ ਥਾਣਾ ਕਲਾਨੌਰ ਵਿਖੇ ਬਲਕਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੁਹੱਲਾ ਬਾਬਾ ਕਾਰ ਕਲੋਨੀ ਕਲਾਨੋਰ ਦੇ ਬਿਆਨਾਂ ’ਤੇ ਦਰਜ ਰਜਿਸਟਰ ਕੀਤੇ ਪਰਚੇ ’ਚ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ ਹੈ।

ਉਸ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਅੰਦਰ ਹਾਜ਼ਰ ਸੀ। ਕਰੀਬ 2.00 ਵਜੇ ਦੋਸ਼ੀ ਵਿਅਕਤੀ ਗੁਰਲਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੰਝ ਗੁਰੂ ਘਰ ਆਇਆ ਅਤੇ ਮੱਥਾ ਟੇਕ ਕੇ ਲਾਗੇ ਬੈਠ ਗਿਆ। ਸ਼ਾਮ ਕਰੀਬ 6.00 ਵਜੇ ਉਹ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਨ ਲੱਗ ਪਿਆ। ਥੋੜੇ ਸਮੇਂ ਬਾਅਦ ਇੱਕ ਬੀਬੀ ਗੂਰੂ ਘਰ ਆ ਕੇ ਮੱਥਾ ਟੇਕ ਕੇ ਬੈਠ ਕੇ ਪਾਠ ਕਰਨ ਲੱਗੀ ਸੀ ਕਿ ਦੋਸ਼ੀ ਬੀਬੀ ਕੋਲੋਂ ਗੁਟਕਾ ਸਾਹਿਬ ਲੈਣ ਦੀ ਮੰਗ ਕਰਨ ਲੱਗਾ। ਬੀਬੀ ਨੇ ਵਿਅਕਤੀ ਨੂੰ ਗੁਟਕਾ ਸਾਹਿਬ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਦੋਸ਼ੀ ਨੇ ਬੀਬੀ ਕੋਲੋ ਗੁਟਕਾ ਸਾਹਿਬ ਖੋਹਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਟਕਾ ਸਾਹਿਬ ਦੇ ਅੰਗ ਦੋ ਪੰਨਿਆ ਨੂੰ ਨੁਕਸਾਨ ਹੋ ਗਿਆ। ਇਸ ਦੌਰਾਨ ਮੱਥਾ ਟੇਕਣ ਆਏ ਨਿਰਮਲ ਸਿੰਘ ਨੇ ਦੋਸ਼ੀ ਨੂੰ ਫੜ ਲਿਆ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ।


rajwinder kaur

Content Editor

Related News