ਨਸ਼ਾ ਵਿਰੁੱਧ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ

07/17/2018 3:22:35 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਰਾਜਿੰਦਰ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀ ਅਗਵਾਈ 'ਚ ਝਬਾਲ ਵਿਖੇ ਸੀ.ਐੱਚ.ਸੀ. ਝਬਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਦੀ ਦੇਖ-ਰੇਖ ਹੇਠ ਨਸ਼ਾ ਵਿਰੁੱਧ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਐੱਸ.ਐੱਮ.ਓ. ਡਾ. ਕਰਮਵੀਰ ਭਾਰਤੀ ਅਤੇ ਮੈਡੀਕਲ ਅਫਸਰ ਡਾ. ਸੂਰਜਪਾਲ ਨੇ ਲੋਕਾਂ ਨੂੰ ਨਸ਼ਿਆਂ ਨੂੰ ਤਿਆਗਣ ਦੀ ਅਪੀਲ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ 'ਓਟ' ਸੈਂਟਰਾਂ 'ਚ ਨਸ਼ਿਆਂ ਤੋਂ ਗ੍ਰਸਤ ਲੋਕਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਨਸ਼ੇ ਜਿਥੇ ਵਿਅਕਤੀ ਨੂੰ ਸਰੀਰਕ ਪੱਖੋਂ ਖੋਖਲਾ ਕਰਦੇ ਹਨ ਉੱਥੇ ਹੀ ਮਾਨਸਿਕ ਅਤੇ ਆਰਥਿਕ ਪੱਖੋਂ ਵੀ ਬੁਰੀ ਤਰ੍ਹਾਂ ਕਮਜ਼ੋਰ ਕਰਦੇ ਹਨ। ਨਸ਼ੇ ਦੇ ਆਦੀ ਵਿਅਕਤੀ ਨੂੰ ਸਮਾਜਿਕ ਤੌਰ 'ਤੇ ਵੀ ਵੱਖਰਾ ਸਮਝਿਆ ਜਾਂਦਾ ਹੈ, ਜਦਕਿ ਨਸ਼ਿਆਂ ਦੇ ਲੰਮਾਂ ਸਮਾਂ ਸੇਵਨ ਕਰਨ ਨਾਲ ਵਿਅਕਤੀ ਲਾ-ਇਲਾਜ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਇਸ ਮੌਕੇ ਹੈੱਲਥ ਇੰਸਪੈਕਟਰ ਕੰਵਲ ਬਲਰਾਜ ਸਿੰਘ ਪੱਖੋਕੇ, ਐੱਸ.ਆਈ. ਸਲਵਿੰਦਰ ਸਿੰਘ, ਰਣਬੀਰ ਸਿੰਘ ਚੀਮਾ, ਐੱਸ.ਆਈ. ਰਾਮ ਰਛਪਾਲ ਧਵਨ ਆਦਿ ਹਾਜ਼ਰ ਸਨ।