ਪੰਜਾਬੀ ਅਖਬਾਰ ਦੇ ਪੱਤਰਕਾਰ ’ਤੇ ਕਾਤਲਾਨਾ ਹਮਲਾ

10/18/2018 6:05:27 AM

ਤਰਨਤਾਰਨ,   (ਰਾਜੂ, ਰਮਨ)-  ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਜਲੰਧਰ ਤੋਂ ਛਪਦੇ ਪੰਜਾਬੀ ਤੇ ਹਿੰਦੀ ਅਖਬਾਰ (ਜਗ ਬਾਣੀ ਨਹੀਂ) ਦੇ ਦਫਤਰ ’ਤੇ ਪੰਜ ਬਦਮਾਸ਼ਾਂ ਵਲੋਂ ਪਿਸਤੌਲ ਤੇ  ਬੇਸਬਾਲਾਂ ਨਾਲ ਕਾਤਲਾਨਾ ਹਮਲਾ ਕਰ ਕਰ ਕੇ ਪੱਤਰਕਾਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ  ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਪੰਜ ਬਦਮਾਸ਼ ਜਿਹੜੇ ਕਿ ਪਿਸਤੌਲ ਅਤੇ ਬੇਸਬਾਲਾਂ ਨਾਲ ਲੈੱਸ ਸਨ, ਨੇ ਦਫਤਰ ’ਤੇ ਹਮਲਾ ਕਰ ਦਿੱਤਾ  ਤੇ ਉਥੇ ਮੌਜੂਦ ਇਕ ਪੱਤਰਕਾਰ ਨੂੰ ਛੱਡ ਕੇ ਬਾਕੀ ਪੱਤਰਕਾਰ ਤੇ ਕੰਪਿਊਟਰ ਓਪਰੇਟਰਾਂ  ਨੂੰ ਪਿਸਤੌਲ ਦੀ ਨੋਕ ’ਤੇ ਬਾਹਰ ਜਾਣ ਲਈ ਕਿਹਾ। ਉਸ ਤੋਂ ਬਾਅਦ ਉਨ੍ਹਾਂ  ਪੱਤਰਕਾਰ  ਇੰਚਾਰਜ ਜਸਪਾਲ ਜੱਸੀ ’ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ। ਉਸ ਦੀਆਂ ਬਾਹਵਾਂ ਤੋੜ  ਦਿੱਤੀਆਂ, ਸਿਰ ’ਤੇ ਭਾਰੀ ਸੱਟਾਂ ਮਾਰੀਆਂ । ਦਫਤਰ ਦੇ ਸ਼ੀਸ਼ੇ ਤੇ  ਕੰਪਿਊਟਰ ਨੂੰ ਤੋੜ ਦਿੱਤਾ ਗਿਆ। ਜ਼ਖਮੀ ਹਾਲਤ ’ਚ ਪੱਤਰਕਾਰ ਨੂੰ ਸਿਵਲ ਹਸਪਤਾਲ ਦਾਖਲ  ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਪੱਤਰਕਾਰ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਜਿਥੇ  ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦਾ ਸਮਾਚਾਰ ਸੁਣਦੇ ਹੀ ਪੱਤਰਕਾਰ ਯੂਨੀਅਨ  ਦੇ ਪ੍ਰਧਾਨ ਜਸਮੇਲ ਸਿੰਘ ਚੀਂਦਾ, ਡੀ. ਐੱਸ. ਪੀ., ਐੱਸ. ਐੱਚ. ਓ. ਸਮੇਤ ਪੁਲਸ ਪਾਰਟੀ  ਉਥੇ ਪਹੁੰਚ ਗਈ।