ਸ਼ਰਾਰਤੀ ਅਨਸਰਾਂ ਨੇ ਲਾਈ ਪਰਾਲੀ ਨੂੰ ਅੱਗ, ਲੱਖਾਂ ਦਾ ਨੁਕਸਾਨ

12/08/2018 2:15:51 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਅੰਮ੍ਰਿਤਸਰ ਰੋਡ ਅੱਡਾ ਝਬਾਲ ਵਿਖੇ ਝੁੱਗੀਆਂ 'ਚ ਰਹਿ ਰਹੇ ਗੁੱਜਰਾਂ ਵਲੋਂ ਪਰਾਲੀ ਮੁੱਲ ਖਰੀਦ ਕੇ ਇਕ ਜਗ੍ਹਾ 'ਤੇ ਇਕੱਠੀ ਕੀਤੀ ਹੋਈ ਸੀ, ਜਿਸ ਨੂੰ ਬੀਤੀ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵਲੋਂ ਕਥਿਤ ਤੌਰ 'ਤੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਹਦੀਨ ਉਰਫ ਸਾਈਆ ਪੁੱਤਰ ਅਲਫਦੀਨ ਅਤੇ ਸਾਦਿਕ ਪੁੱਤਰ ਸ਼ਾਹਦੀਨ ਵਾਸੀ ਕੱਠੂਆ, ਜੰਮੂ ਹਾਲ ਵਾਸੀ ਅੱਡਾ ਝਬਾਲ ਨੇ ਦੱਸਿਆ ਕਿ ਉਹ ਪਿੱਛਲੇ ਕਰੀਬ 12 ਸਾਲਾਂ ਤੋਂ ਇਸ ਕਸਬੇ 'ਚ ਰਹਿ ਰਹੇ ਹਨ ਅਤੇ ਉਕਤ ਜਗ੍ਹਾ ਕਿਰਾਏ 'ਤੇ ਲੈ ਕੇ ਇੱਥੇ ਉਨ੍ਹਾਂ ਵਲੋਂ 5 ਝੁੱਗੀਆਂ ਬਣਾਈਆਂ ਹੋਈਆਂ ਹਨ। ਇਥੇ ਉਨ੍ਹਾਂ ਵਲੋਂ 150 ਦੇ ਕਰੀਬ ਪਸ਼ੂ ਵੀ ਰੱਖੇ ਹੋਏ ਹਨ ਤੇ ਇਨ੍ਹਾਂ ਪਸ਼ੂਆਂ ਦਾ ਦੁੱਧ ਵੇਚ ਕੇ ਹੀ ਉਹ ਆਪਣਾ ਗੁਜ਼ਾਰਾ ਕਰਦੇ ਹਨ। 

PunjabKesari

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਕਰੀਬ 8 ਵਜੇ ਜਦੋਂ ਉਹ ਰੋਟੀ ਖਾ ਰਹੇ ਸਨ ਤਾਂ ਉਨ੍ਹਾਂ ਦੀਆਂ ਝੁੱਗੀਆਂ ਤੋਂ ਥੋੜੀ ਦੂਰੀ ਲੱਗੇ 5 ਪਰਾਲੀ ਦੇ ਢੇਰਾਂ ਨੂੰ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾ ਕੇ ਫਰਾਰ ਹੋ ਗਏ। ਇਹ ਪਰਾਲੀ ਉਨ੍ਹਾਂ ਨੇ 500 ਦੇ ਕਰੀਬ ਪਸ਼ੂਆਂ ਦੇ ਸਾਰੇ ਸਾਲ ਦੇ ਚਾਰੇ ਲਈ 150 ਏਕੜ ਦੇ ਕਰੀਬ ਵੱਖ-ਵੱਖ ਕਿਸਾਨਾਂ ਤੋਂ 6 ਲੱਖ ਰੁਪਏ 'ਚ ਮੁੱਲ ਖਰੀਦੀ ਸੀ। ਉਨ੍ਹਾਂ ਦੱਸਿਆ ਇਸ ਸਬੰਧੀ ਤਰਨਤਾਰਨ ਫਾਇਰ ਬ੍ਰਿਗੇਡ ਕੰਟਰੋਲ ਰੂਮ ਅਤੇ ਥਾਣਾ ਝਬਾਲ ਦੀ ਪੁਲਸ ਨੂੰ ਮੌਕੇ 'ਤੇ ਸੂਚਿਤ ਕਰ ਦਿੱਤਾ ਗਿਆ। ਥਾਣਾ ਝਬਾਲ ਤੋਂ ਤਾਂ ਮੌਕੇ 'ਤੇ ਕੁਝ ਮੁਲਾਜ਼ਮ ਪਹੁੰਚ ਗਏ ਪਰ ਫਾਇਰ ਬ੍ਰਿਗੇਡ ਨਹੀਂ ਪੁੱਜੀ। ਉਨ੍ਹਾਂ ਵਲੋਂ ਅੱਗ ਨੂੰ ਬੁਝਾਉਣ ਲਈ ਬਹੁਤ ਹੀ ਜੱਦੋ-ਜਹਿਦ ਕੀਤੀ ਗਈ ਪਰ ਅੱਗ ਨਹੀਂ ਬੁੱਝੀ ਅਤੇ ਇਸ ਦੌਰਾਨ ਜਿੱਥੇ ਪਰਾਲੀ ਦੇ ਉਕਤ 5 ਢੇਰ ਸੜ ਕੇ ਸੁਆਹ ਹੋ ਗਏ, ਉੱਥੇ ਹੀ ਉਨ੍ਹਾਂ ਦੀ ਇਕ ਝੁੱਗੀ ਵੀ ਅੱਗ ਦੀ ਲਪੇਟ 'ਚ ਆ ਗਈ, ਜਿਸ ਕਾਰਨ ਕੱਪੜੇ, ਕੀਮਤੀ ਸਮਾਨ, ਲੱਕੜ ਦੇ ਬਕਸੇ 'ਚ ਪਈ 1 ਲੱਖ ਰੁਪਏ ਦੇ ਕਰੀਬ ਨਗਦੀ ਅਤੇ ਹੋਰ ਘਰੇਲੂ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਉਨ੍ਹਾਂ ਦਾ ਕਰੀਬ ਸਾਢੇ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਐੱਸ.ਐੱਸ.ਪੀ. ਤਰਨਤਾਰਨ ਡੀ.ਐੱਸ. ਮਾਨ ਤੋਂ ਇੰਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਥਾਣਾ ਝਬਾਲ ਦੇ ਮੁੱਖੀ ਗੁਰਚਰਨ ਸਿੰਘ ਦਾ ਕਹਿਣਾ ਹੈ ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਵਲੋਂ ਮੌਕੇ 'ਤੇ ਤੁਰੰਤ ਸਬ ਇੰ. ਕੁਲਦੀਪ ਰਾਏ ਦੀ ਅਗਵਾਈ 'ਚ ਪੁਲਸ ਮੁਲਾਜ਼ਮ ਭੇਜ ਕੇ ਸਾਰੀ ਘਟਨਾ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

PunjabKesari
 

ਐੱਸ.ਡੀ.ਐੱਮ. ਤੋਂ ਮੰਗਵਾਈ ਜਾਵੇਗੀ ਰਿਪੋਰਟ : ਡੀ.ਸੀ. ਸੱਭਰਵਾਲ
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਇਸ ਸਬੰਧੀ ਐੱਸ.ਡੀ.ਐੱਮ. ਤਰਨਤਾਰਨ ਸੁਰਿੰਦਰ ਸਿੰਘ ਤੋਂ ਰਿਪੋਰਟ ਮੰਗਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗੁੱਜਰਾਂ ਦੇ ਹੋਏ ਨੁਕਸਾਨ ਦੀ ਮਾਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਤੋਂ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਵੇਗੀ।
 


Related News