ਮ੍ਰਿਤਕ ਗਾਵਾਂ ਨੂੰ ਨੋਚ ਕੇ ਖੂੰਖਾਰ ਬਣ ਰਹੇ ਆਵਾਰਾ ਕੁੱਤੇ, ਲੋਕਾਂ ''ਚ ਦਹਿਸ਼ਤ

03/09/2020 10:23:37 AM

ਝਬਾਲ (ਨਰਿੰਦਰ) : ਇਕ ਪਾਸੇ ਦੇਸ਼ 'ਚ ਕੋਰੋਨਾ ਵਰਗੀ ਮਹਾਮਾਰੀ ਫੈਲਣ ਕਰ ਕੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫਾਈ ਰੱਖਣ ਅਤੇ ਕਿਸੇ ਵੀ ਇਨਫੈਕਸ਼ਨ ਵਾਲੇ ਵਿਅਕਤੀ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਪਰ ਦੂਸਰੇ ਪਾਸੇ ਪਿੰਡਾਂ ਦੇ ਆਲੇ-ਦੁਆਲੇ ਅਤੇ ਸੜਕਾਂ, ਖੇਤਾਂ ਦੇ ਕਿਨਾਰਿਆਂ 'ਤੇ ਵੱਡੀ ਗਿਣਤੀ 'ਚ ਪਸ਼ੂ ਮਰੇ ਪਏ ਹਨ। ਜਿਨ੍ਹਾਂ ਨੂੰ ਵੱਡੀ ਗਿਣਤੀ 'ਚ ਫਿਰ ਰਹੇ ਆਵਾਰਾ ਕੁੱਤੇ ਖਾ ਕੇ ਖੂੰਖਾਰ ਬਣ ਰਹੇ ਅਤੇ ਲੋਕਾਂ ਨੂੰ ਵੱਢ ਰਹੇ ਹਨ। ਦੂਸਰਾ ਇਨ੍ਹਾਂ ਥਾਂ-ਥਾਂ ਮਰੇ ਪਸ਼ੂਆਂ ਕਾਰਣ ਵਾਤਾਵਰਣ ਬਦਬੂਦਾਰ ਅਤੇ ਗੰਦਲਾ ਹੋ ਰਿਹਾ ਹੈ, ਜਿਸ ਨਾਲ ਕੋਈ ਮਹਾਮਾਰੀ ਫੈਲ ਸਕਦੀ ਹੈ। ਇਨ੍ਹਾਂ ਥਾਂ-ਥਾਂ ਮਰੀਆਂ ਗਾਵਾਂ ਨੂੰ ਲੋਕ ਜਾਂ ਪੰਚਾਇਤਾਂ ਵਾਲੇ ਆਪਣੇ ਕੋਲੋਂ ਖਰਚ ਕਰ ਕੇ ਜੇ. ਸੀ. ਬੀ. ਨਾਲ ਟੋਏ ਪੁੱਟ ਕੇ ਦੱਬ ਰਹੇ ਹਨ ਜਾਂ ਫਿਰ ਚੁਕਵਾ ਰਹੇ ਹਨ। ਇਨ੍ਹਾਂ ਮਰੀਆਂ ਗਾਵਾਂ ਨੂੰ ਚੁੱਕਣ ਵਾਲੇ ਘੱਟੋ ਘੱਟ 1200 ਰੁਪਏ ਲੈਂਦੇ ਹਨ, ਜੋ ਲੋਕਾਂ ਨੂੰ ਬਦਬੂ ਦੇ ਡਰੋਂ ਮਜਬੂਰਨ ਦੇਣੇ ਪੈਂਦੇ ਹਨ। ਇਹ ਪਸ਼ੂ ਜਿੱਥੇ ਮਹਾਮਾਰੀਆਂ ਦਾ ਕਾਰਣ ਬਣ ਰਹੇ ਹਨ, ਉੱਥੇ ਹੀ ਸੜਕਾਂ 'ਤੇ ਹਾਦਸਿਆਂ ਅਤੇ ਲੋਕਾਂ 'ਚ ਲੜਾਈ ਦਾ ਕਾਰਣ ਅਤੇ ਕਿਸਾਨਾਂ ਲਈ ਨਵੀਂ ਆਫਤ ਬਣ ਕੇ ਆ ਰਹੇ ਹਨ, ਜਦੋਂ ਕਿ ਪ੍ਰਸ਼ਾਸਨ ਇਸ ਪਾਸੇ ਤੋਂ ਬੇਧਿਆਨ ਬੈਠਾ ਹੈ।

ਇਸ ਸਬੰਧੀ ਕਾਮਰੇਡ ਦਵਿੰਦਰ ਕੁਮਾਰ ਸੋਹਲ, ਕਾ. ਜਸਪਾਲ ਸਿੰਘ ਢਿੱਲੋਂ, ਕਾ. ਯਸ਼ਪਾਲ ਝਬਾਲ, ਪ੍ਰਧਾਨ ਅਸ਼ੋਕ ਕੁਮਾਰ ਸੋਹਲ, ਗੁਰਜਿੰਦਰ ਸਿੰਘ ਬਘਿਆੜੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦੋਂ ਗਊ ਟੈਕਸ ਲੋਕਾਂ ਕੋਲੋਂ ਸਰਕਾਰ ਲੈ ਰਹੀ ਹੈ ਤਾਂ ਇਨ੍ਹਾਂ ਆਵਾਰਾ ਫਿਰਦੇ ਪਸ਼ੂਆਂ ਨੂੰ ਕੰਟਰੋਲ ਕਰ ਕੇ ਕਿਸੇ ਸੁਰੱਖਿਅਤ ਜਗ੍ਹਾ 'ਤੇ ਰੱਖੇ, ਜਿੱਥੇ ਨਾ ਤਾਂ ਇਹ ਕਿਸਾਨਾਂ ਦੀਆਂ ਫਸਲਾਂ ਖਰਾਬ ਕਰਨ ਅਤੇ ਨਾ ਹੀ ਹਾਦਸਿਆਂ ਦਾ ਕਾਰਣ ਬਣਨ। ਇਸੇ ਤਰ੍ਹਾਂ ਲੋਕਾਂ ਲਈ ਖਤਰੇ ਦਾ ਕਾਰਣ ਬਣ ਰਹੇ ਆਵਾਰਾ ਕੁੱਤਿਆਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਅਣਹੋਣੀ ਨਾ ਹੋਵੇ। ਉਨ੍ਹਾਂ ਕਿਹਾ ਕਿ ਗਾਵਾਂ ਨੂੰ ਬੇਸਹਾਰਾ ਛੱਡਣ ਵਾਲਿਆਂ ਵਿਰੁੱਧ ਵੀ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ।

Baljeet Kaur

This news is Content Editor Baljeet Kaur