ਜਥੇਦਾਰ ਹਵਾਰਾ ਨੇ ਨੌਜਵਾਨਾ ਨੂੰ ਸਖ਼ਤ ਰੋਕਾਂ ਲੰਘ ਕੇ ਦਿੱਲੀ ਕੂਚ ਕਰਨ ''ਤੇ ਦਿੱਤੀ ਵਧਾਈ : ਡਾ: ਬਲਜਿੰਦਰ ਸਿੰਘ

11/28/2020 12:01:28 AM

ਅੰਮ੍ਰਿਤਸਰ,(ਅਨਜਾਣ)-ਕੇਂਦਰ ਸਰਕਾਰ ਵਲੋਂ ਕਿਸਾਨਾ ਦੇ ਹਿੱਤਾਂ ਖਿਲਾਫ਼ ਪਾਸ ਕੀਤੇ ਗਏ ਕਾਲੇ ਕਾਨੂੰਨ ਦੇ ਵਿਰੋਧ ਦੇ ਚੱਲਦਿਆਂ ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ 'ਦਿੱਲੀ ਚੱਲੋ' ਦੇ ਪ੍ਰੋਗਰਾਮ ਅਧੀਨ ਹਰਿਆਣਾ ਸਰਕਾਰ ਵੱਲੋਂ ਲਗਾਈਆਂ ਸਖ਼ਤ ਰੋਕਾਂ ਦੀ ਨੌਜਵਾਨਾਂ ਵੱਲੋਂ ਪ੍ਰਵਾਹ ਨਾ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਲੰਘ ਕੇ ਆਪਣੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਕੂਚ ਕਰਨ ਨੂੰ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਮੁਢਲੀ ਸਫ਼ਲਤਾ ਦੱਸਦਿਆਂ ਨੌਜਵਾਨਾ ਨੂੰ ਵਧਾਈ ਦਿੱਤੀ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਵਾਰਾ ਕਮੇਟੀ ਦੇ ਬੁਲਾਰੇ ਡਾ: ਬਲਜਿੰਦਰ ਸਿੰਘ ਨੇ ਕੀਤਾ। ਉਨ੍ਹਾਂ ਭਾਈ ਹਵਾਰਾ ਵੱਲੋਂ ਕਿਹਾ ਕਿ ਨੌਜਵਾਨਾ ਨੇ ਜੋਸ਼ ਦੇ ਨਾਲ-ਨਾਲ ਹੋਸ਼ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੇ ਜ਼ਜ਼ਬੇ ਤੋਂ ਫੌਲਾਦੀ ਹੌਂਸਲੇ ਨੂੰ ਵੇਖ ਕੇ ਪੰਜਾਬ 'ਚੋਂ ਨਸ਼ਿਆਂ ਦੇ ਹੜ੍ਹ•ਨੂੰ ਠੱਲ ਪੈਣ ਦੀ ਆਸ ਸੁਰਜੀਤ ਹੋਈ ਹੈ। ਅੱਜ ਪੰਜਾਬ ਦੇ ਵਾਰਸ ਦਿੱਲੀ ਦੇ ਤਖ਼ਤ ਨੂੰ ਸੁਨੇਹਾ ਦੇਣ 'ਚ ਸਫ਼ਲ ਹੋਏ ਹਨ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਵੱਡੀ ਤੋਂ ਵੱਡੀ ਰੁਕਾਵਟ ਨੂੰ ਕੁਝ ਨਹੀਂ ਸਮਝਦੇ। ਅੱਜ ਸਾਰਾ ਪੰਜਾਬ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਿਫ਼ਤ ਕਰ ਰਿਹਾ ਹੈ, ਜਿਨ੍ਹਾਂ ਨੇ ਦੂਰ ਅੰਦੇਸ਼ੀ ਦਾ ਸਬੂਤ ਦਿੰਦਿਆਂ ਦਿੱਲੀ ਕੂਚ ਕਰਨ ਦੇ ਪ੍ਰੋਗਰਾਮ ਨੂੰ ਪੂਰਨ ਅਨੁਸ਼ਾਸਨ ਤੇ ਧੀਰਜ ਵਿੱਚ ਰੱਖਦਿਆਂ ਨੌਜਵਾਨਾਂ ਦਾ ਸ਼ਕਤੀਕਰਣ ਕੀਤਾ ਹੈ। ਇਹ ਨੌਜਵਾਨ ਸਾਡੇ ਪੰਜਾਬ ਦੀ ਰੀੜ•ਦੀ ਹੱਡੀ ਹਨ ਤੇ ਇਨ੍ਹਾਂ ਨੇ ਭਵਿੱਖ ਵਿੱਚ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ। ਸੰਘਰਸ਼ ਦੇ ਹੁਣ ਤੱਕ ਦੇ ਸਫ਼ਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਬਜ਼ੁਰਗ ਕਿਸਾਨਾ ਦੇ ਤਜ਼ਰਬੇ ਦਾ ਤੇ ਨੌਜਵਾਨਾ ਦੀ ਸ਼ਕਤੀ ਦਾ ਬਹੁਤ ਵਧੀਆ ਤਾਲਮੇਲ ਬਣਿਆਂ ਹੋਇਆ ਹੈ। ਜਿਸ ਦੀ ਮੈਂ ਸ਼ਲਾਘਾ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਬਜ਼ੁਰਗ ਕਿਸਾਨਾਂ, ਨੌਜਵਾਨਾਂ ਤੇ ਕਿਸਾਨ ਆਗੂਆਂ ਦਾ ਆਪਸੀ ਜਥੇਬੰਦਕ ਤਾਲਮੇਲ ਆਉਣ ਵਾਲੇ ਸਮੇਂ ਵਿੱਚ ਬਣਿਆਂ ਰਹੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਵੱਲੋਂ ਸਰਕਾਰੀ ਰੋਕਾਂ ਨੂੰ ਹਟਾ ਕੇ ਸਮੁੱਚੇ ਪੰਜਾਬ ਦੇ ਕਿਸਾਨਾ ਲਈ ਆਪਣੀ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਗਿਆ ਹੈ।
 


Deepak Kumar

Content Editor

Related News