ਹਾਈਵੋਲਟੇਜ ਤਾਰਾਂ ਦੀ ਲਪੇਟ ''ਚ ਆਇਆ ਮਨਰੇਗਾ ਮਜ਼ਦੂਰ, ਬੁਰੀ ਤਰ੍ਹਾਂ ਝੁਲਸਿਆ

06/12/2019 12:08:20 PM

ਝਬਾਲ, ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਛੱਪੜ ਦੀ ਸਫ਼ਾਈ ਕਰਦਿਆਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਇਕ ਮਨਰੇਗਾ ਮਜ਼ਦੂਰ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕਿ ਮੌਕੇ 'ਤੇ ਹਾਜ਼ਰ ਸਥਾਨਿਕ ਲੋਕਾਂ ਵਲੋਂ ਕੀਤੀ ਗਈ ਤੁਰੰਤ ਚਾਰਾਜੋਈ ਨਾਲ ਉਸਦੀ ਜਾਨ ਬਚ ਗਈ ਤੇ ਵੱਡੀ ਅਣਹੋਣੀ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕੋਟ ਸਿਵਿਆਂ ਦੇ ਸਾਬਕਾ ਸਰਪੰਚ ਸ਼ਾਮ ਸਿੰਘ ਕੋਟ ਅਤੇ ਕਾਂਗਰਸੀ ਆਗੂ ਤੇਜਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਮਨਰੇਗਾ ਮਜ਼ਦੂਰਾਂ ਵਲੋਂ ਛੱਪੜ ਦੀ ਸਫ਼ਾਈ ਕੀਤੀ ਜਾ ਰਹੀ ਸੀ ਤਾਂ ਇਕ ਰਸਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨਾਮੀ ਮਜ਼ਦੂਰ ਵਲੋਂ ਲੋਹੇ ਦੀ ਛੜੀ ਨਾਲ ਛੱਪੜ 'ਚ ਫੈਲੀ ਬੂਟੀ ਨੂੰ ਬਾਹਰ ਕੱਢਣ ਲਈ ਪਾਸੇ 'ਤੇ ਕਰਦਿਆਂ ਉਪਰੋਂ ਲੰਘ ਰਹੀਆਂ ਬਹੁਤ ਹੀ ਨੀਵੀਆਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਉਕਤ ਛੜੀ ਟਕਰਾਅ ਜਾਣ ਕਰਕੇ ਨੌਜਵਾਨ ਹਾਈਵੋਲਟੇਜ ਕਰੰਟ ਦੀ ਲਪੇਟ 'ਚ ਆ ਗਿਆ। ਗਨੀਮਤ ਇਹ ਰਹੀ ਕਿ ਛੇਤੀ ਪਤਾ ਚੱਲ ਜਾਣ 'ਤੇ ਸਥਾਨਿਕ ਲੋਕਾਂ ਵਲੋਂ ਸਮਾਂ ਰਹਿੰਦਿਆਂ ਚਾਰਾਜੋਈ ਕਰਨ ਉਪਰੰਤ ਭਾਵੇਂ ਹੀ ਨੌਜਵਾਨ ਰਸਦੀਪ ਸਿੰਘ ਨੂੰ ਤੁਰੰਤ ਡਾਕਟਰੀ ਸਹਾਇਤਾ ਨਾਲ ਮੌਤ ਦੇ ਮੂੰਹ 'ਚ ਜਾਣ ਤੋਂ ਤਾਂ ਬਚਾਅ ਲਿਆ ਗਿਆ ਹੈ ਪਰ ਉਸਦੇ ਹੱਥ ਅਤੇ ਪੈਰ ਪੂਰੀ ਤਰ੍ਹਾਂ ਝੁਲਸ ਗਏ ਹਨ। ਉਕਤ ਮੋਹਤਬਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਬਿਜਲੀ ਵਿਭਾਗ 'ਤੇ ਵੀ ਦੋਸ਼ ਲਾਏ ਹਨ ਕਿ ਉਕਤ ਢਿੱਲੀਆਂ ਅਤੇ ਨੀਵੀਆਂ ਹਾਈਵੋਲਟੇਜ ਤਾਰਾਂ ਸਬੰਧੀ ਪਹਿਲਾਂ ਕਈ ਵਾਰ ਪਾਵਰਕਾਮ ਦਫ਼ਤਰ ਸਰਾਏ ਅਮਾਨਤ ਖਾਂ ਵਿਖੇ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਹਨ ਕਿ ਛੱਪੜ ਅਤੇ ਕਿਸਾਨਾਂ ਦੇ ਖੇਤਾਂ ਦੇ ਉੱਪਰੋਂ ਅਜਿਹੀਆਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਦੀ ਮੁਰੰਮਤ ਕੀਤੀ ਜਾਵੇ, ਪਰ ਵਿਭਾਗ ਵਲੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ਮੈਂਬਰ ਪੰਚਾਇਤ ਸੁਬੇਗ ਸਿੰਘ, ਬਾਪੂ ਟੇਕ ਸਿੰਘ, ਲਖਵਿੰਦਰ ਸਿੰਘ ਲੱਖਾ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਬੀ.ਡੀ.ਪੀ.ਓ. ਤੋਂ ਲਈ ਜਾਵੇਗੀ ਰਿਪੋਰਟ : ਏ.ਡੀ.ਸੀ. ਸੰਦੀਪ ਰਿਸ਼ੀ
ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਰਿਸ਼ੀ ਨੇ ਮਨਰੇਗਾ ਵਿਭਾਗ ਤੋਂ ਅਜਿਹੇ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਮਜ਼ਦੂਰ ਦੀ ਆਰਥਿਕ ਸਹਾਇਤਾ ਕਰਨ ਲਈ ਰੱਖੇ ਜਾਂਦੇ ਫੰਡ ਸਬੰਧੀ ਜਾਣਕਾਰੀ ਲੈਣ ਦੇ ਨਾਲ ਬੀ.ਡੀ.ਪੀ.ਓ. ਗੰਡੀਵਿੰਡ ਨੂੰ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਸਬੰਧੀ ਰਿਪੋਰਟ ਦੇਣ ਲਈ ਤੁਰੰਤ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਕਤ ਮਨਰੇਗਾ ਮਜ਼ਦੂਰ ਨੂੰ ਸਰਕਾਰ ਕੋਲੋਂ ਸਹਾਇਤਾ ਦਿਵਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ।

ਐੱਸ.ਡੀ.ਓ. ਨੂੰ ਮੌਕਾ ਚੈੱਕ ਕਰਨ ਦੇ ਦਿੱਤੇ ਜਾਣਗੇ ਹੁਕਮ : ਐਕਸੀਅਨ ਪਾਵਰਕਾਮ
ਐਕਸੀਅਨ ਪਾਵਰਕਾਮ ਤਰਸੇਮ ਕੁਮਾਰ ਵਿੱਜ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਐੱਸ.ਡੀ.ਓ. ਪਾਵਰਕਾਮ ਸਬ ਡਵੀਜ਼ਨ ਸਰਾਏ ਅਮਾਨਤ ਖਾਂ ਨੂੰ ਮੌਕਾ ਚੈੱਕ ਕਰਨ ਦੇ ਹੁਕਮ ਦੇਣ ਦਾ ਦਾਅਵਾ ਕਰਦਿਆਂ ਕਿਹਾ ਕਿ ਢਿੱਲੀਆਂ ਅਤੇ ਨੀਵੀਆਂ ਤਾਰਾਂ ਦੀ ਮੁਰੰਮਤ ਨਾ ਕੀਤੇ ਜਾਣ ਸਬੰਧੀ ਵੀ ਰਿਪੋਰਟ ਐੱਸ.ਡੀ.ਓ. ਤੋਂ ਲਈ ਜਾਵੇਗੀ।


Baljeet Kaur

Content Editor

Related News