ਡਿਜੀਟਲ ਸਰਵੇ ਕਰਵਾ ਕੇ ਬਦਲਾਂਗੇ ਪਿੰਡਾਂ ਦੀ ਨੁਹਾਰ : ਡਾ. ਅਗਨੀਹੋਤਰੀ

05/25/2018 11:00:42 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਪਿੰਡਾਂ ਦੇ ਸਰਵ ਪੱਖੀ ਵਿਕਾਸ ਦੇ ਮੱਦੇਨਜ਼ਰ ਡਿਜੀਟਲ ਸਰੇਵਖਣ ਤਹਿਤ ਨਕਸ਼ੇ ਤਿਆਰ ਕਰਾਉਣ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਫੈਸਲਾ ਲਿਆ ਗਿਆ ਹੈ ਤਾਂ ਜੋ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ। ਇਹ ਪ੍ਰਗਟਾਵਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਰਦਿਆਂ ਕਿਹਾ ਕਿ ਪੰਜਾਬ 'ਚ ਪਹਿਲੀ ਵਾਰ ਪਿੰਡਾਂ ਦੇ ਵਿਕਾਸ ਲਈ ਕੈਪਟਨ ਸਰਕਾਰ ਨਵੀਂ ਪਾਲਸੀ ਤਿਆਰ ਕਰਨ ਜਾ ਰਹੀ ਹੈ, ਜਿਸ ਤਹਿਤ ਪਿੰਡਾਂ ਦੇ ਡਿਜੀਟਲ ਨਕਸ਼ੇ ਤਿਆਰ ਕਰਾਉਣ ਦਾ ਠੋਸ ਉਪਰਾਲਾ ਕੀਤਾ ਜਾ ਰਿਹਾ ਹੈ, ਜਿਹੜਾ ਕੇ ਪਿੰਡਾਂ ਦੀਆਂ ਜ਼ਮੀਨੀ ਹਕੀਕਤਾਂ 'ਤੇ ਅਧਾਰਿਤ ਹੋਵੇਗਾ ਅਤੇ ਪਿੰਡਾਂ ਦੇ ਯੋਜਨਾਬੱਧ ਵਿਕਾਸ ਲਈ ਇਹ ਪ੍ਰੋਜੈਕਟ ਮੀਲਪੱਥਰ ਸਾਬਤ ਹੋਵੇਗਾ। 
ਡਾ. ਅਗਨੀਹੋਤਰੀ ਨੇ ਦੱਸਿਆ ਕਿ ਪਿੰਡਾਂ ਦੇ ਮੁੱਖ ਵਿਕਾਸ ਕਾਰਜਾਂ 'ਚ ਜ਼ਿਆਦਾਤਰ ਗਲੀਆਂ-ਨਾਲੀਆਂ ਪੱਕੀਆਂ ਕਰਨ ਦੇ ਕੰਮ ਹੁੰਦੇ ਹਨ ਅਤੇ ਇਹ ਧਿਆਨ 'ਚ ਆਇਆ ਹੈ ਕਿ ਗਲੀਆਂ-ਨਾਲੀਆਂ ਬਣਾਉਣ ਵੇਲੇ ਪਿੰਡਾਂ ਦੇ ਨਿਕਾਸੀ ਲੈਵਲ ਨੂੰ ਸਮੁੱਚੇ ਰੂਪ 'ਚ ਧਿਆਨ 'ਚ ਨਹੀਂ ਰੱਖਿਆ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਪਿੰਡਾਂ |'ਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਈ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਪ੍ਰੋਜੈਕਟ ਤਹਿਤ 5 ਪਿੰਡਾਂ ਦੀ ਚੋਣ ਕਰਨ ਉਪਰੰਤ ਸਬੰਧਤ ਪਿੰਡਾਂ 'ਚ 2 ਮਹੀਨਿਆਂ ਦੇ ਅੰਦਰ ਡਿਜੀਟਲ ਸਰਵੇ ਕਰਾਉਣ ਦੀ ਸਰਕਾਰ ਵਲੋਂ ਤਜਵੀਜ ਪਾਸ ਕੀਤੀ ਜਾ ਰਹੀ ਹੈ। ਡਿਜੀਟਲ ਸਰਵੇਖਣ ਨਕਸ਼ੇ ਦੇ ਆਧਾਰ 'ਤੇ ਸਬੰਧਤ ਪਿੰਡ 'ਚ ਭਵਿੱਖ 'ਚ ਹੋਣ ਵਾਲੇ ਗਲੀਆਂ-ਨਾਲੀਆਂ ਦੇ ਕੰਮਾਂ ਲਈ ਲੈਵਲ ਇਸ ਤਰ੍ਹਾਂ ਨਿਰਧਾਰਤ ਕੀਤਾ ਜਾਵੇਗਾ ਤਾਂ ਜੋ ਮੀਂਹ ਦਾ ਪਾਣੀ ਤੇ ਗਲੀਆਂ-ਨਾਲੀਆਂ ਦਾ ਪਾਣੀ ਕੁਦਰਤੀ ਵਹਾਅ ਨਾਲ ਪਿੰਡਾਂ 'ਚ ਬਣੇ ਛੱਪੜਾਂ 'ਚ ਚਲਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਜਿੱਥੇ ਗਲੀਆਂ-ਨਾਲੀਆਂ ਵਾਰ-ਵਾਰ ਪੱਕੀਆਂ ਕਰਨ ਲਈ ਗ੍ਰਾਂਟਾਂ ਦੀ ਲੋੜ ਖਤਮ ਹੋ ਜਾਵੇਗੀ ਉੱਥੇ ਹੀ ਪਿੰਡ ਦੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ 'ਚ ਵੀ ਮਦਦ ਮਿਲੇਗੀ ਅਤੇ ਲੋਕਾਂ ਨੂੰ ਗੰਦਗੀ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਛੁੱਟਕਾਰਾ ਮਿਲੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਢਿੱਲੋਂ, ਸਰਪੰਚ ਬਲਬੀਰ ਸਿੰਘ ਅੱਡਾ ਗੱਗੋਬੂਆ, ਆੜਤੀ ਬਲਵਿੰਦਰ ਸਿੰਘ ਗੱਗੋਬੂਆ, ਗੁਰਮੀਤ ਸਿੰਘ ਓਠੀਆਂ, ਮੇਜਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।