ਸਫਾਈ ਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵੱਲ ਵੱਡਾ ਕਦਮ, ਗਿੱਲੇ ਕੂੜੇ ਤੋਂ ਖਾਦ ਬਣਾਉਣ ਵਾਲੀ ਮਸ਼ੀਨ ਦਾ ਉਦਘਾਟਨ
Wednesday, Nov 12, 2025 - 07:46 PM (IST)
ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਡਾ.ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੇ ਉਪਰਾਲੇ ਸਦਕਾ ਪਿੰਡ ਗਾਲ੍ਹੜੀ ਵਿੱਚ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਲਈ 5.5 ਲੱਖ ਰੁਪਏ ਦੀ ਲਾਗਤ ਨਾਲ ਮਸ਼ੀਨ ਲਗਾਈ ਗਈ, ਜਿਸ ਦਾ ਉਦਘਾਟਨ ਅੱਜ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਵੀ ਮੌਜੂਦ ਸਨ।
ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਨੇ ਇਸ ਪਾਇਲਟ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ ਆਈ.ਏ.ਐੱਸ. ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਨੂੰ ਸਾਫ਼ ਸੁਥਰਾ ਅਤੇ ਖੂਬਸੂਰਤ ਰੱਖਣ ਲਈ ਪੂਰਨ ਸਹਿਯੋਗ ਕਰਨ।
ਇਸ ਮੌਕੇ ‘ਤੇ ਏ.ਡੀ.ਸੀ. ਡਾ. ਹਰਜਿੰਦਰ ਸਿੰਘ ਬੇਦੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਕਰਕੇ ਵਿਗਿਆਨਿਕ ਢੰਗ ਨਾਲ ਨਿਪਟਾਰਾ ਕਰਨ ਤਾਂ ਜੋ ਪਿੰਡ ਵਿੱਚੋਂ ਕੂੜੇ ਦੇ ਢੇਰਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਸਿਰਫ਼ ਸਫਾਈ ਹੀ ਨਹੀਂ, ਸਗੋਂ ਪਿੰਡ ਦਾ ਵਾਤਾਵਰਣ ਵੀ ਸਾਫ਼ ਤੇ ਸਿਹਤਮੰਦ ਰਹੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀ ਵਰਤੋਂ ‘ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਪਿੰਡ ਵਿੱਚ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਲਈ ਪਿੰਡ ਦੇ ਹੀ ਦੋ ਨੌਜਵਾਨਾਂ ਨੂੰ ਤਨਖ਼ਾਹ ‘ਤੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੋ ਟਰਾਈਸਾਈਕਲਾਂ ਵੀ ਦਿੱਤੀਆਂ ਗਈਆਂ ਹਨ, ਜੋ ਹਰ ਘਰ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨਗੇ।
ਇਸ ਮੌਕੇ ਪਿੰਡ ਦੇ 500 ਪਰਿਵਾਰਾਂ ਨੂੰ ਏ.ਡੀ.ਸੀ. ਵੱਲੋਂ ਦੋ-ਦੋ ਕੂੜਾਦਾਨ (ਡੱਬੇ) ਵੀ ਵੰਡੇ ਗਏ ਹਨ ਤਾਂ ਜੋ ਉਹ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖ ਸਕਣ। ਇਹ ਪ੍ਰੋਜੈਕਟ ਪਿੰਡ ਪੱਧਰ ‘ਤੇ ਵੈਸਟ ਮੈਨੇਜਮੈਂਟ ਦਾ ਇੱਕ ਮਿਸਾਲੀ ਮਾਡਲ ਹੈ।
ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਐੱਸ.ਡੀ.ਐੱਮ. ਜਸਪਿੰਦਰ ਸਿੰਘ ਦੀਨਾਨਗਰ, ਤਹਿਸੀਲਦਾਰ ਬਲਵਿੰਦਰ ਸਿੰਘ, ਬੀ.ਡੀ.ਪੀ.ਓ. ਦਿਲਬਾਗ ਸਿੰਘ, ਰੈੱਡ ਕਰਾਸ ਸੈਕਟਰੀ ਰਾਜੀਵ ਸਿੰਘ, ਧੀਰਜ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
