ਪੁਲਸ ਦੀਆਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਰੁਕਿਆ ਨਸ਼ਿਆਂ ਦਾ ਕਾਰੋਬਾਰ

12/13/2018 1:23:55 AM

ਬਟਾਲਾ,   (ਸਾਹਿਲ)-  ਪੰਜਾਬ ਵਿਧਾਭ ਸਭਾ ਚੋਣਾਂ ਦੌਰਾਨ ਨਸ਼ਾ ਇਕ ਵੱਡਾ ਮੁੱਦਾ ਰਿਹਾ ਸੀ, ਕਾਂਗਰਸ ਪਾਰਟੀ ਨੇ ਜਿੱਥੇ ਇਸ ਨੂੰ ਆਪਣੀਆਂ ਰੈਲੀਆਂ ਤੇ ਨੁੱਕਡ਼ ਬੈਠਕਾਂ ’ਚ ਪੂਰੀ ਤਰ੍ਹਾਂ ਚੁੱਕਿਆ ਸੀ, ਉੱਥੇ ਹੀ ਸਰਕਾਰ ਬਣਨ ’ਤੇ ਇਸ ਦੇ ਖਾਤਮੇ ਦੇ ਦਾਅਵੇ ਕੀਤੇ ਸਨ। ਪੰਜਾਬ ’ਚ ਲੋਕ ਸਭਾ ਚੋਣਾਂ 2014 ਦੌਰਾਨ ਪੰਜਾਬ ਦੀ ਅਕਾਲੀ -ਭਾਜਪਾ ਸਰਕਾਰ ਨੇ ਸੂਬੇ ’ਚ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਹਜ਼ਾਰਾ ਨੌਜਵਾਨਾਂ ਨੂੰ ਜੇਲਾਂ ’ਚ ਭੇਜਿਆ ਸੀ ਅਤੇ ਹੁਣ ਕਾਂਗਰਸ ਸਰਕਾਰ ਨੇ ਵੀ ਉਸੇ  ਤਰਜ਼ ’ਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਸ਼ਾ ਵਿਰੋਧੀ ਮੁਹਿੰਮ ਛੇਡ਼ੀ ਹੋਈ ਹੈ। ਹਜ਼ਾਰਾਂ ਦੀ ਗਿਣਤੀ ’ਚ ਨਸ਼ਾ ਕਰਨ ਵਾਲੇ  ਨੌਜਵਾਨ ਜੇਲਾਂ ’ਚ ਭੇਜੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਾ ਤਾਂ ਅਕਾਲੀ ਸਰਕਾਰ ਦੌਰਾਨ ਕੋਈ ਵੱਡਾ ਸਮੱਗਲਰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਗਿਆ ਸੀ ਤੇ ਨਾ ਹੀ ਕਾਂਗਰਸ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਰੋਕ ਸਕੀ ਹੈ। ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੁਲਸ ਜ਼ੋਰ-ਸ਼ੋਰ ਨਾਲ ਨਸ਼ੇ ’ਤੇ ਕਾਬੂ ਪਾਉਣ ਦਾ ਢੋਲ ਵਜਾ ਰਹੀ ਹੈ ਪਰ ਢੋਲ ਅੱਜ ਵੀ ਉਸੇ ਤਰ੍ਹਾਂ ਵੱਜ ਰਿਹਾ ਹੈ ਅਤੇ ਨਸ਼ਾ ਵੀ ਉਸੇ ਤਰਾਂ ਵਿਕ ਰਿਹਾ ਹੈ, ਪੁਲਸ ਦੀਆਂ  ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਵੀ ਨਸ਼ਾ ਸਮੱਗਲਿੰਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਕ ਪਾਸੇ ਜਿੱਥੇ ਬਟਾਲਾ ਸ਼ਹਿਰ ਦੇ ਨਜ਼ਦੀਕ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿਵੇਂ  ਮੂਲਿਆਂਵਾਲ, ਸੁਨੱਇਆ, ਖਤੀਬ, ਸ਼ਾਮਪੁਰਾ, ਧੌਲਪੁਰ ਆਦਿ ਪਿੰਡਾਂ ’ਚ ਜੋ ਪਿਛਲੇ ਕਈ ਸਾਲਾਂ ਤੋਂ ਸਮੱਗਲਿੰਗ ਅਤੇ ਨਸ਼ਾ ਵਿਕਰੀ ਦੀ ਨਜ਼ਰ ਨਾਲ ਦੇਖੇ ਜਾਂਦੇ ਹਨ, ਉਥੇ ਹੀ ਇਹ ਨਸ਼ਾ ਦਿਹਾਤ ਦੇ ਬਹੁਤ ਸਾਰੇ ਖੇਤਰਾਂ  ’ਚ ਵੀ ਆਮ ਉਪਲਬਧ ਹੋ ਰਿਹਾ ਹੈ। ਪੁਲਸ ਦੀ ਸਖਤੀ ਦੇ ਬਾਵਜੂਦ ਨਸ਼ੇ ਦਾ ਮਿਲਣਾ, ਜਿੱਥੇ ਪੁਲਸ ਦੇ ਕੰਮ ਤੇ ਕੁਸ਼ਲਤਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਰਿਹਾ ਹੈ, ਉੱਥੇ ਹੀ ਇਹ ਵਿਭਾਗ ’ਚ ਹੋ ਰਹੇ ਭ੍ਰਿਸ਼ਟਾਚਾਰ ਦੇ ਵੀ ਸੰਕੇਤ ਹਨ, ਬੇਸ਼ੱਕ ਪੁਲਸ ਨਸ਼ਾ ਰੋਕਣ ’ਚ ਅਨੇਕਾਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਵਿਭਾਗ ਦੀਆਂ ਹੀ ਕੁਝ ਕਾਲੀਆਂ ਭੇਡਾਂ ਇਸ ਮੁਹਿੰਮ ਨੂੰ ਫੇਲ ਕਰਨ ’ਚ ਲੱਗੀਆਂ ਹੋਈਆਂ ਹਨ। ਪੁਲਸ ਨਸ਼ੇ ਦੀਆਂ ਬ੍ਰਾਂਚਾਂ ਨੂੰ ਬੰਦ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਜਦੋਂ ਕਿ ਨਸ਼ਾ ਸਮੱਗਲਿੰਗ ਦੀ ਜਡ਼੍ਹ ਨੂੰ ਹੱਥ ਨਹੀਂ ਪਾਇਆ ਜਾ ਸਕਿਆ। 
 ਸਡ਼ਕਾਂ ’ਤੇ ਡਿੱਗੇ ਮਿਲਦੇ ਨੇ ਨਸ਼ੇਡ਼ੀ : ਪੰਜਾਬ ਪੁਲਸ ਵੱਲੋਂ ਛੇਡ਼ੀ ਗਈ ਨਸ਼ਾ ਵਿਰੋਧੀ ਮੁਹਿੰਮ ਦੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਟਾਲਾ ਨਜ਼ਦੀਕੀ ਬਹੁਤ ਸਾਰੇ ਪਿੰਡ ਤੇ ਕਸਬੇ ਦਿਖਾਈ ਦਿੱਤੇ, ਜਿੱਥੇ ਸਵੇਰ ਤੋਂ ਹੀ ਅਲਕੋਹਲ ਨਾਲ ਬਣੀ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਦਿਖਾਈ  ਦਿੰਦੀਆਂ ਹਨ ਅਤੇ ਇਸ ਦੇ ਪੀਣ ਵਾਲੇ ਅਕਸਰ ਸ਼ਾਮ ਨੂੰ ਸਡ਼ਕਾਂ ’ਤੇ ਡਿੱਗੇ ਦੇਖੇ ਜਾਂਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸਡ਼ਕਾਂ ’ਤੇ ਡਿੱਗੇ ਵਿਅਕਤੀ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਅਤੇ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਸ਼ਰਾਬ ਪੀਣ ਵਾਲੇ ਜ਼ਿਆਦਾਤਰ ਮਜ਼ਦੂਰ ਲੋਕ ਹੀ ਹੁੰਦੇ ਹਨ  ਤੇ ਸਸਤੀ ਸ਼ਰਾਬ ਪੀਣ ਲਈ ਲੋਕ ਪਿੰਡਾਂ ਵੱਲ ਨੂੰ ਭੱਜਦੇ ਹਨ।
 ਜੇਲਾਂ ’ਚ ਸੁਰੱਖਿਅਤ ਬੈਠੇ ਹਨ ਅਪਰਾਧੀ : ਪੰਜਾਬ ਦੀਆਂ ਜੇਲਾਂ ’ਚ ਸੁਰੱਖਿਅਤ ਬੈਠੇ ਅਪਰਾਧੀ ਇਸ ਇੰਤਜ਼ਾਰ  ’ਚ ਰਹਿੰਦੇ ਹਨ ਕਿ ਜਦੋਂ ਪੁਲਸ ਬਾਹਰ ਤੋਂ ਨਸ਼ਾ ਕਰਨ ਵਾਲਿਆਂ ਨੂੰ ਜੇਲ ’ਚ ਭੇਜਦੀ ਹੈ ਤਾਂ ਅੰਦਰ ਬੈਠੇ ਇਹ ਅਪਰਾਧੀ ਉਨ੍ਹਾਂ ’ਚੋਂ ਚੁਣ-ਚੁਣ ਕੇ ਨੌਜਵਾਨ ਪੀਡ਼੍ਹੀ ’ਚੋਂ ਤੇਜ-ਤਰਾਰ ਨੌਜਾਵਨਾਂ ਨੂੰ ਜਿੱਥੇ ਆਪਣੇ ਨਾਲ ਜੋਡ਼ਦੇ ਹਨ, ਉੱਥੇ ਹੀ ਜੇਲ  ’ਚ ਬੈਠੇ ਸਮੱਗਲਰ ਨਸ਼ਾ ਕਰਨ ਵਾਲੇ ਇਨ੍ਹਾਂ ਨੌਜਾਵਨਾਂ ਦੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਨਸ਼ਾ ਵੇਚਣ ’ਤੇ ਲਾਉਂਦੇ ਹਨ।  ਜਦੋਂ ਤੱਕ ਪੁਲਸ ਜੇਲਾਂ ’ਚੋਂ ਚੱਲ ਰਹੇ ਨੈੱਟਵਰਕ ਅਤੇ ਬਾਹਰ ਬੈਠੇ ਸਮੱਗਲਰਾਂ ’ਤੇ ਸ਼ਿਕੰਜਾ ਨਹੀਂ ਕੱਸਦੀ, ਤਦ ਤੱਕ ਨਸ਼ੇ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਨਸ਼ੇ ਦੀ ਭੈਡ਼ੀ ਆਦਤ ’ਚ ਫਸੀ ਨੌਜਵਾਨ ਪੀਡ਼੍ਹੀ ਨੂੰ ਜੇਲਾਂ ’ਚ ਭੇਜਣ ਦੀ ਬਜਾਏ ਇਸ ਦੇ ਇਲਾਜ ਤੋਂ ਬਾਅਦ ਉਸ ਨੂੰ ਕਿਸੇ ਕੰਮ ’ਤੇ ਲਾਉਣ ਦੀ ਜ਼ਰੂਰਤ ਹੈ। ਦੂਜੇ ਪਾਸੇ ਨੌਜਾਵਾਨਾਂ ਨੂੰ ਬਚਾਉਣ ਲਈ ਨਸ਼ਾ ਸਮੱਗਲਰਾਂ ’ਤੇ ਠੋਸ ਕਾਰਵਾਈ ਕਰ ਕੇ ਉਨ੍ਹਾਂ ਨੂੰ ਪੰਜਾਬ ’ਚੋਂ ਖਦੇਡ਼ਨਾ ਹੋਵੇਗਾ।