ਮੀਂਹ ਨਾਲ ਅਫਗਾਨੀ ਪਿਆਜ਼ ਦੀ ਦਰਾਮਦ ਪ੍ਰਭਾਵਿਤ

01/08/2020 12:58:46 AM

ਅੰਮ੍ਰਿਤਸਰ, (ਨੀਰਜ)- ਲਗਾਤਾਰ 2 ਦਿਨਾਂ ਤੋਂ ਪੈ ਰਹੇ ਮੀਂਹ ਨਾਲ ਜਿਥੇ ਜਨਜੀਵਨ ਅਸਤ-ਵਿਅਸਤ ਹੋਇਆ ਪਿਆ ਹੈ, ਉਥੇ ਹੀ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨੀ ਪਿਆਜ਼ ਦੀ ਦਰਾਮਦ ਵੀ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨੀ ਪਿਆਜ਼ ਦੇ 20 ਟਰੱਕ ਹੀ ਦਰਾਮਦ ਕੀਤੇ ਜਾ ਸਕੇ, ਜਦਕਿ ਡਰਾਈ ਫਰੂਟ ਦੇ 5 ਟਰੱਕ ਹੀ ਆ ਸਕੇ ਕਿਉਂਕਿ ਕਸਟਮ ਵਿਭਾਗ ਦਰਾਮਦ ਪਿਆਜ਼ ਦੀ ਸਿੰਗਲ ਲੇਅਰ ਚੈਕਿੰਗ ਕਰਦਾ ਹੈ, ਜਿਸ ਵਿਚ ਪਿਆਜ਼ ਦੀਆਂ ਬੋਰੀਆਂ ਨੂੰ ਜ਼ਮੀਨ ’ਤੇ ਵਿਛਾ ਕੇ ਚੈੱਕ ਕੀਤਾ ਜਾਂਦਾ ਹੈ। ਉਂਝ ਵੀ ਪਿਆਜ਼ ਨਾਲ ਭਰੀਆਂ ਬੋਰੀਆਂ ਟਰਾਂਸਪੇਰੈਂਟ ਹੋਣ ਕਾਰਣ ਜ਼ਮੀਨ ’ਤੇ ਰੱਖਣ ਨਾਲ ਹੀ ਨਜ਼ਰ ਆ ਜਾਂਦਾ ਹੈ ਕਿ ਉਨ੍ਹਾਂ ’ਚ ਕੋਈ ਨਸ਼ੇ ਵਾਲਾ ਪਦਾਰਥ ਤਾਂ ਨਹੀਂ ਲੁਕੋਇਆ।

ਪਾਕਿਸਤਾਨ ਤੋਂ ਦਰਾਮਦ ਨਮਕ ਦੀ ਖੇਪ ਨਾਲ ਜੂਨ 2019 ’ਚ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫਡ਼ੇ ਜਾਣ ਤੋਂ ਬਾਅਦ ਪਾਕਿਸਤਾਨ ਤੋਂ ਦਰਾਮਦ ਅਫਗਾਨੀ ਪਿਆਜ਼ ਅਤੇ ਡਰਾਈ ਫਰੂਟ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਾਕਿਸਤਾਨ ਦੇ ਇਲਾਕੇ ’ਚ ਅਜੇੇ ਵੀ 200 ਤੋਂ ਵੱਧ ਅਫਗਾਨੀ ਪਿਆਜ਼ ਦੇ ਟਰੱਕ ਲਾਈਨ ’ਚ ਲੱਗੇ ਹੋਏ ਹਨ। ਇਹ ਤੁਰਖਮ ਬਾਰਡਰ ਜ਼ਰੀਏ ਭਾਰਤ ਆ ਰਹੇ ਹਨ। ਇਨ੍ਹਾਂ ਟਰੱਕਾਂ ਕਾਰਣ ਪਾਕਿਸਤਾਨ ਦੇ ਲਾਹੌਰ ਸੂਬੇ ’ਚ ਟ੍ਰੈਫਿਕ ਜਾਮ ਵੀ ਲੱਗ ਰਹੇ ਹਨ। ਪਾਕਿਸਤਾਨ ਦੀ ਜਨਤਾ ਇਸ ਦਾ ਭਾਰੀ ਵਿਰੋਧ ਕਰ ਰਹੀ ਹੈ ਪਰ ਅੰਤਰਰਾਸ਼ਟਰੀ ਸਮਝੌਤੇ ਤਹਿਤ ਪਾਕਿਸਤਾਨ ਭਾਰਤ ਵੱਲ ਆਉਣ ਵਾਲੇ ਅਫਗਾਨਿਸਤਾਨ ਦੇ ਟਰੱਕਾਂ ਨੂੰ ਰਸਤਾ ਦੇਣ ਲਈ ਮਜਬੂਰ ਹੈ।

40 ਰੁਪਏ ਕਿਲੋ ਵਿਕਣ ਲੱਗਾ ਅਫਗਾਨੀ ਪਿਆਜ਼

ਸਬਜ਼ੀ ਮੰਡੀਆਂ ’ਚ ਲੋਕਲ ਪਿਆਜ਼ ਵਿਚ ਨਾਸਿਕ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਦੇ ਪਿਆਜ਼ ਦੀ ਹਲਕੀ ਆਮਦ ਹੋਣ ਕਾਰਣ ਹੁਣ ਅਫਗਾਨੀ ਪਿਆਜ਼ ਦੇ ਮੁੱਲ ਘੱਟ ਹੋਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ ਦੀਆਂ ਸਬਜ਼ੀ ਮੰਡੀਆਂ ’ਚ ਅਫਗਾਨੀ ਪਿਆਜ਼ ਦੇ ਮੁੱਲ 40 ਤੋਂ 45 ਰੁਪਏ ਕਿਲੋ ਹੋ ਗਏ ਹਨ, ਜਦਕਿ ਭਾਰਤੀ ਪਿਆਜ਼ ਦਾ ਮੁੱਲ ਅਜੇ ਵੀ 80 ਰੁਪਏ ਕਿਲੋ ਹੈ। ਆਮ ਜਨਤਾ ਮਜਬੂਰੀਵੱਸ ਅਫਗਾਨੀ ਪਿਆਜ਼ ਹੀ ਖਰੀਦ ਰਹੀ ਸੀ ਕਿਉਂਕਿ ਅਫਗਾਨੀ ਪਿਆਜ਼ ਦਾ ਸਵਾਦ ਭਾਰਤੀ ਪਿਆਜ਼ ਦੀ ਤੁਲਨਾ ’ਚ ਕਾਫ਼ੀ ਕੌਡ਼ਾ ਹੈ। ਵਪਾਰੀਆਂ ਦੀ ਮੰਨੀਏ ਤਾਂ ਆਉਣ ਵਾਲੇ ਇਕ ਹਫ਼ਤੇ ਵਿਚ ਅਫਗਾਨੀ ਪਿਆਜ਼ ਦੀ ਦਰਾਮਦ ਕਾਫ਼ੀ ਘੱਟ ਹੋ ਸਕਦੀ ਹੈ। ਅਫਗਾਨੀ ਪਿਆਜ਼ ਦਾ ਸਾਈਜ਼ ਵੀ ਭਾਰਤੀ ਪਿਆਜ਼ ਦੀ ਤੁਲਨਾ ’ਚ ਕਾਫ਼ੀ ਵੱਡਾ ਹੈ।

Bharat Thapa

This news is Content Editor Bharat Thapa