ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ’ਤੇ ਪੁਲਸ ਦੀ ਵੱਡੀ ਕਾਰਵਾਈ, 8 ਵਿਅਕਤੀ ਕਾਬੂ

04/18/2022 12:13:45 PM

ਅੰਮ੍ਰਿਤਸਰ (ਜਸ਼ਨ)- ਜ਼ਿਲ੍ਹਾ ਦਿਹਾਤੀ ਪੁਲਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਪੁਲਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ 8 ਕਾਰੋਬਾਰੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਦੀ ਪੁਲਸ ਨੇ ਬੇਅੰਤ ਸਿੰਘ ਵਾਸੀ ਖਾਨਵਾਲ ਦੀ ਤਲਾਸ਼ੀ ਦੌਰਾਨ ਭੱਠੀ ’ਚ ਪਈ 680 ਕਿਲੋ ਲਾਹਣ ਅਤੇ ਸ਼ਰਾਬ ਬਰਾਮਦ ਕੀਤੀ ਹੈ। ਦੂਜੇ ਮਾਮਲੇ ’ਚ ਪੁਲਸ ਨੇ ਜਸਪਾਲ ਮਸੀਹ ਵਾਸੀ ਗ੍ਰੰਥਗੜ੍ਹ ਪਾਸੋਂ ਤਲਾਸ਼ੀ ਦੌਰਾਨ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਦੋਸ਼ੀ ਕੱਦਾ ਸਿੰਘ ਪਾਸੋਂ ਤਲਾਸ਼ੀ ਦੌਰਾਨ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।

ਇਸੇ ਤਰ੍ਹਾਂ ਥਾਣਾ ਜੰਡਿਆਲਾ ਦੀ ਪੁਲਸ ਨੇ ਗੁਰਮੀਤ ਕੌਰ ਵਾਸੀ ਤਲਵੰਡੀ ਡੋਗਰਾ ਦੇ ਘਰ ਛਾਪੇਮਾਰੀ ਦੌਰਾਨ 300 ਕਿਲੋ ਲਾਹਣ, ਥਾਣਾ ਰਾਜਾਸਾਂਸੀ ਦੀ ਪੁਲਸ ਨੇ ਸੁਖਵੰਤ ਸਿੰਘ ਵਾਸੀ ਕੋਟਲੀ ਸਿੱਕਾ ਕੋਲੋਂ 1600 ਕਿਲੋ ਲਾਹਣ, ਵਰਿੰਦਰ ਸਿੰਘ ਵਾਸੀ ਕੋਟਲੀ ਸਿੱਕਾ ਤੋਂ ਤਲਾਸ਼ੀ ਦੌਰਾਨ ਕੋਲੋਂ 3600 ਕਿਲੋ ਲਾਹਣ ਅਤੇ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਲੋਪੋਕੇ ਦੀ ਪੁਲਸ ਨੇ ਲੱਖਾ ਸਿੰਘ ਅਤੇ ਜਸਵੰਤ ਸਿੰਘ ਆਦਿ ਕੋਲੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਉਕਤ ਸਾਰੇ ਦੋਸ਼ੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਚੋਰੀਸ਼ੁਦਾ ਮੋਟਰਸਾਈਕਲ ਵੇਚਣ ਜਾ ਰਹੇ 2 ਕਾਬੂ
ਥਾਣਾ ਬਿਆਸ ਦੀ ਪੁਲਸ ਨੇ ਨਾਕੇ ’ਤੇ ਅੰਮ੍ਰਿਤਸਰ ’ਚ ਚੋਰੀ ਦੇ ਮੋਟਰਸਾਈਕਲ ਵੇਚਣ ਆਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਿੰਸਪਾਲ ਸਿੰਘ ਤੇ ਅਵਤਾਰ ਸਿੰਘ ਵਾਸੀ ਰਈਆ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਚੋਰੀ ਦਾ ਮੋਟਰਸਾਈਕਲ ਅੰਮ੍ਰਿਤਸਰ ’ਚ ਵੇਚਣ ਜਾ ਰਹੇ ਹਨ। ਇਸ ’ਤੇ ਪੁਲਸ ਨੇ ਨਾਕਾਬੰਦੀ ਕਰ ਬਾਈਕ ’ਤੇ ਸਵਾਰ ਦੋ ਮੁਲਜ਼ਮਾਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਬਾਈਕ ਦੇ ਕਾਗਜ਼ਾਤ ਮੰਗੇ ਪਰ ਉਨ੍ਹਾਂ ਕੋਲੋਂ ਕੋਈ ਕਾਗਜ਼ਾਤ ਨਹੀਂ ਮਿਲਿਆ।  

ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ
ਥਾਣਾ ਤਰਸਿੱਕਾ ਦੀ ਪੁਲਸ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਡੇਅਰੀਵਾਲ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਪੁਲਸ ਟੀਮ ਪੁਲ ਸੂਆ ਸੰਗਰਾਵਾਂ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਉਪਰੋਕਤ ਦੋਵੇਂ ਬਾਈਕ ’ਤੇ ਆ ਰਹੇ ਦੋਸ਼ੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਮੋਟਰਸਾਈਕਲ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਤਿਲਕ ਕੇ ਡਿੱਗ ਗਿਆ। ਇਸ ’ਤੇ ਪੁਲਸ ਨੇ ਜਦੋਂ ਇਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਦੇ ਕਬਜ਼ੇ ’ਚੋਂ 220 ਨਸ਼ੀਲੀਆਂ ਗੋਲੀਆਂ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਕਬਜ਼ੇ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਕਤ ਦੋਸ਼ੀ ਦਾ ਮੋਟਰਸਾਈਕਲ ਵੀ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਲਮਾਰੀ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਚੋਰੀ
ਥਾਣਾ ਰਾਜਾਸਾਂਸੀ ਦੀ ਪੁਲਸ ਨੇ ਕਮਰੇ ’ਚ ਰੱਖੇ ਅਲਮਾਰੀਆਂ ਦੇ ਤਾਲੇ ਤੋੜ ਕੇ ਅੰਦਰ ਰੱਖੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ। ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਪਰਿਵਾਰ ਸਮੇਤ ਕਿਸੇ ਜਾਣ-ਪਛਾਣ ਵਾਲੇ ਦੇ ਘਰ ਗਿਆ ਸੀ। ਸ਼ਾਮ 6 ਵਜੇ ਜਦੋਂ ਉਹ ਸਾਰੇ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਇਸ ਦੌਰਾਨ ਜਦੋਂ ਉਹ ਕਮਰੇ ਵਿਚ ਗਿਆ ਤਾਂ ਦੇਖਿਆ ਕਿ ਉਥੇ ਰੱਖੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਕੋਈ ਵਿਅਕਤੀ ਉਸ ਵਿਚ ਰੱਖੇ 11 ਤੋਲੇ ਗਹਿਣੇ ਚੋਰੀ ਕਰਕੇ ਆਪਣੇ ਨਾਲ ਲੈ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News