ਨਾਜਾਇਜ਼ ਸ਼ਰਾਬ ਦੇ ਰੈਕਟ ਦਾ ਪਰਦਾਫਾਸ਼, ਚਾਲੂ ਭੱਠੀਆਂ ਸਣੇ 3 ਗ੍ਰਿਫ਼ਤਾਰ

04/08/2021 1:19:44 PM

ਅਜਨਾਲਾ (ਫਰਿਆਦ) - ਅਜਨਾਲਾ ਦੀ ਪੁਲਸ ਨੇ ਪਿੰਡ ਫੱਤੇਵਾਲ ’ਚ ਛਾਪੇਮਾਰੀ ਕਰ ਕੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ, 3 ਚਾਲੂ ਭੱਠੀਆਂ ਸਣੇ 3 ਮੁਲਜ਼ਮਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਬ੍ਰਾਂਚ ਦੇ ਡੀ. ਐੱਸ. ਪੀ. ਸੁਖਰਾਜ ਸਿੰਘ, ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ, ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਹਰਸੰਦੀਪ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਥਾਣਾ ਅਜਨਾਲਾ ਦੇ ਪਿੰਡ ਫੱਤੇਵਾਲ ’ਚ ਨਾਜਾਇਜ਼ ਸ਼ਰਾਬ ਦਾ ਧੰਦਾ ਜ਼ੋਰਾਂ ’ਤੇ ਚੱਲਣ ਬਾਰੇ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ।
 
ਗੁਪਤ ਸੂਚਨਾ ਦੇ ਅਧਾਰ ’ਤੇ ਪੁਲਸ ਦੀ ਸਪੈਸ਼ਲ ਟੀਮ ਵੱਲੋਂ ਕੀਤੇ ਗਏ ਇਕ ਸਰਚ ਆਪ੍ਰੇਸ਼ਨ ਦੌਰਾਨ ਇਕ ਵੱਡੇ ਨਾਜਾਇਜ਼ ਸ਼ਰਾਬ ਦੇ ਰੈਕੇਟ ’ਚ ਸੁੱਚਾ ਸਿੰਘ, ਕਸ਼ਮੀਰ ਸਿੰਘ ਪੁੱਤਰਾਨ ਭਗਵਾਨ ਸਿੰਘ ਅਤੇ ਪ੍ਰਮਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਸਾਰੇ ਵਾਸੀ ਪਿੰਡ ਫੱਤੇਵਾਲ ਨੂੰ ਕਾਬੂ ਕਰ ਲਿਆ। ਉਕਤ ਮੁਲਜ਼ਮਾਂ ਤੋਂ 90,000 ਐੱਮ. ਐੱਲ. ਨਾਜਾਇਜ਼ ਸ਼ਰਾਬ, 60,000 ਕਿਲੋ ਲਾਹਣ, 3 ਚਾਲੂ ਭੱਠੀਆਂ ਫੜੀਆਂ ਗਈਆਂ। ਉਕਤ ਮੁਲਜ਼ਮਾਂ ਵੱਲੋਂ ਇਕ ਮਿੰਨੀ ਡਿਸਟਿਲਰੀ ਦੇ ਬਰਾਬਰ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀ, ਜਿਨ੍ਹਾਂ ਖ਼ਿਲਾਫ਼ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

rajwinder kaur

This news is Content Editor rajwinder kaur