ਪਹਿਲੀ ਪਤਨੀ ਦੇ ਹੁੰਦਿਆਂ ਦੂਸਰੀ ਪਤਨੀ ਨੂੰ ਘਰ ਲਿਆਉਣ ਤੋਂ ਰੋਕਣ ’ਤੇ ਪਹਿਲੀ ਪਤਨੀ ਨੂੰ ਪਤੀ ਨੇ ਮਾਰੀ ਗੋਲੀ

08/11/2022 4:05:22 PM

ਤਰਨਤਾਰਨ/ਝਬਾਲ (ਰਾਜੂ/ਨਰਿੰਦਰ) - ਪਹਿਲੀ ਪਤਨੀ ਦੇ ਹੁੰਦਿਆਂ ਦੂਸਰਾ ਵਿਆਹ ਕਰਕੇ ਨਵੀਂ ਵਹੁਟੀ ਨੂੰ ਘਰ ਲੈ ਕੇ ਆਉਣ ’ਤੇ ਪਹਿਲੀ ਪਤਨੀ ਵਲੋਂ ਘਰ ਵੜਨ ਤੋਂ ਰੋਕਣ ’ਤੇ ਹੋਏ ਤਕਰਾਰ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੁਨੀਸ਼ ਕੁਮਾਰ ਮੋਨੂ ਚੀਮਾ ਨੇ ਆਪਣੀ ਪਹਿਲੀ ਪਤਨੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ ’ਚ ਪਹਿਲੀ ਪਤਨੀ ਵਿਸ਼ਾਲੀ ਖੁੱਲਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦਾ ਵਿਆਹ ਸਾਲ 2001 ਵਿਚ ਮੁਨੀਸ਼ ਕੁਮਾਰ ਨਾਲ ਹੋਇਆ ਸੀ। ਮਿਤੀ 09.08.22 ਨੂੰ ਕਰੀਬ 03:30 ਦੁਪਹਿਰ ਉਸ ਦੇ ਘਰ ਦਾ ਗੇਟ ਖੜਕਿਆ ਤਾਂ ਉਸ ਨੇ ਦੇਖਿਆ ਕਿ ਗਲੀ ਵਿਚ ਉਸ ਦਾ ਪਤੀ ਸਮੇਤ ਨਵਨੀਤ ਕੌਰ, ਜਿਸ ਨੇ ਹੱਥੀ ਲਾਲ ਚੂੜਾ ਪਾਇਆ ਸੀ, ਸਮੇਤ ਦੋ ਹੋਰ ਨਾ-ਮਾਲੂਮ ਵਿਅਕਤੀ ਖੜੇ ਸਨ। 

ਪਤੀ ਨੂੰ ਦੂਜੀ ਪਤਨੀ ਨਾਲ ਖੜੇ ਵੇਖ ਉਸ ਨੇ ਨਵਨੀਤ ਕੌਰ ਨੂੰ ਘਰ ਅੰਦਰ ਦਾਖਲ ਹੋਣ ’ਤੇ ਮਨਾ ਕੀਤਾ ਤਾਂ ਉਕਤ ਲੋਕ ਉਸ ਨਾਲ ਧੱਕਾ-ਮੁੱਕੀ ਹੋਣ ਲੱਗ ਪਏ। ਇਸੇ ਦੌਰਾਨ ਉਸ ਦੇ ਪਤੀ ਮੁਨੀਸ਼ ਕੁਮਾਰ ਨੇ ਰਿਵਾਲਵਰ ਨਾਲ ਸਿੱਧੀ ਗੋਲੀ ਉਸ ਨੂੰ ਜਾਨੋ ਮਾਰਨ ਦੀ ਨੀਯਤ ਨਾਲ ਉਸ ਨੂੰ ਮਾਰੀ ਜੋ ਉਸ ਦੀ ਖੱਬੀ ਲੱਤ ਦੀ ਪਿੰਜਨੀ ’ਤੇ ਲੱਗੀ। ਉਸ ਦੇ ਚੀਕਣ ਦੀ ਆਵਾਜ਼ ਸੁਣ ਕੇ ਉਸ ਦੀ ਮਾਤਾ ਅਤੇ ਜੇਠ ਬਾਹਰ ਆ ਗਏ। ਉਕਤ ਲੋਕ ਜਦੋਂ ਉਸ ਨੂੰ ਬਚਾਉਣ ਲਈ ਅੱਗੇ ਹੋਏ ਤਾਂ ਉਸ ਦੇ ਪਤੀ ਨੇ ਉਨ੍ਹਾਂ ਨੂੰ ਵੀ ਜਾਨੋ ਮਾਰਨ ਦੀ ਨੀਯਤ ਨਾਲ ਉਨ੍ਹਾਂ ’ਤੇ ਸਿੱਧੇ ਫਾਇਰ ਕੀਤੇ ਜੋ ਦੋਵੇਂ ਕਿਸਮਤ ਨਾਲ ਬਚ ਗਏ। 

ਗੋਲੀਆਂ ਦੀ ਆਵਾਜ਼ ਸੁਣ ਲੋਕ ਇਕੱਠੇ ਹੁੰਦੇ ਦੇਖ ਉਸ ਦਾ ਪਤੀ ਸਮੇਤ ਨਵਨੀਤ ਕੌਰ ਅਤੇ ਦੋ ਅਣਪਛਾਤੇ ਵਿਅਕਤੀ ਸਵਿੱਫਟ ਡਿਜ਼ਾਇਰ ਕਾਰ ’ਤੇ ਸਵਾਰ ਹੋ ਕੇ ਮੌਕਾ ਤੋਂ ਫ਼ਰਾਰ ਹੋ ਗਏ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿਸ ’ਤੇ ਪੁਲਸ ਨੇ ਮੁਨੀਸ਼ ਕੁਮਾਰ, ਨਵਨੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ, ਅਰਸ਼ਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ ਅਤੇ ਸੁਖਰਾਜ ਕੌਰ ਪਤਨੀ ਕੁਲਵਿੰਦਰ ਸਿੰਘ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


rajwinder kaur

Content Editor

Related News