ਭਾਵਨਾ ਦੀ ਅਗਵਾਈ 'ਚ ਸੈਂਕੜੇ ਵਰਕਰ ਨਿਕਲੇ ਕਿਸਾਨਾਂ ਦੇ ਹੱਕ 'ਚ

10/01/2020 4:30:22 PM

ਅੰਮ੍ਰਿਤਸਰ(ਅਨਜਾਣ)-ਕਾਂਗਰਸ ਦਲਿਤ ਮਹਿਲਾ ਵਿੰਗ ਕੋਆਰਡੀਨੇਟਰ ਪੰਜਾਬ ਅਤੇ ਸਾਬਕਾ ਕੌਂਸਲਰ ਮੈਡਮ ਭਾਵਨਾ ਦੀ ਅਗਵਾਈ 'ਚ ਸੈਂਕੜੇ ਮਹਿਲਾਵਾਂ ਅਤੇ ਆਗੂਆਂ ਨੇ ਕਿਸਾਨਾਂ ਦੇ ਹੱਕ 'ਚ ਹਲਕਾ ਪੱਛਮੀ ਅਧੀਨ ਕੋਟ ਖਾਲਸਾ ਇਲਾਕੇ ਤੋਂ ਇਕ ਮਾਰਚ ਕੱਢਿਆ। ਇਸ ਦੌਰਾਨ ਕੇਂਦਰ ਸਰਕਾਰ 'ਤੇ ਰੋਸ ਪ੍ਰਗਟ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਨਾਅਰੇ ਲਗਾਏ ਗਏ।

ਮੈਡਮ ਭਾਵਨਾ ਦੇ ਨਾਲ ਇਸ ਮਾਰਚ 'ਚ ਕੌਂਸਲਰ ਡਾ. ਅਨੂਪ ਕੁਮਾਰ ਦੇ ਨਾਲ ਮਾਰਚ 'ਚ ਸ਼ਾਮਲ ਹੋਏ ਕਾਂਗਰਸੀ ਆਗੂਆਂ ਨੇ ਵੀ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਲਈ ਹਾਅ ਦਾ ਨਾਅਰਾ ਮਾਰਿਆ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਮੈਡਮ ਭਾਵਨਾ ਨੇ ਕੇਂਦਰ ਵੱਲੋਂ ਲਾਗੂ ਕੀਤੇ ਆਰਡੀਨੈਂਸਾਂ ਨੂੰ ਕਿਸਾਨ ਮਾਰੂ ਕਾਨੂੰਨ ਗਰਦਾਨਦਿਆਂ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਦੇ ਹੱਥਾਂ 'ਚ ਵਿਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਪਾਸ ਹੋਣ ਨਾਲ ਕਿਸਾਨ ਆਪਣੇ ਖੇਤ 'ਚ ਮਹਿਜ਼ ਮਜ਼ਦੂਰ ਬਣ ਕੇ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਦਾ ਢਿੱਡ ਪਾਲਣ ਵਾਲਾ ਅੰਨਦਾਤਾ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਆਂ ਕਰਕੇ ਸੜਕਾਂ 'ਤੇ ਰੁਲ ਰਿਹਾ ਹੈ ਅਤੇ ਐਨੇ ਵੱਡੇ ਪੈਮਾਨੇ 'ਤੇ ਪੰਜਾਬ 'ਚ ਕੀਤੇ ਜਾ ਰਹੇ ਸੰਘਰਸ਼ ਦੇ ਬਾਵਜੂਦ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਜਿਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਸਰਕਾਰ ਜਨਤਾ ਲਈ ਨਹੀਂ ਬਲਕਿ ਅਡਾਨੀਆਂ, ਅੰਬਾਨੀਆਂ ਜਿਹੇ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਲਗਭਗ ਸਾਰੇ ਮਹਿਕਮੇ ਤਾਂ ਵੇਚ ਦਿੱਤੇ ਹਨ ਤੇ ਹੁਣ ਰਹਿੰਦੀ ਕਸਰ ਕਿਸਾਨੀ ਵੇਚ ਕੇ ਕੱਢਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਉਹ ਡਟ ਕੇ ਖੜ੍ਹੇ ਹਨ ਤੇ ਕਿਸੇ ਵੀ ਕੀਮਤ 'ਤੇ ਪਿਛਾਂਹ ਨਹੀਂ ਹਟਣਗੇ ਅਤੇ ਕਾਂਗਰਸ ਨਾਲ ਪੰਜਾਬ ਦੀ ਜਨਤਾ ਵੀ ਕੇਂਦਰ ਦੀ ਅਸਲ ਬਿੱਲੀ ਥੈਲਿਓਂ ਬਾਹਰ ਕੱਢਣਗੇ।

Aarti dhillon

This news is Content Editor Aarti dhillon