ਵਿਦੇਸ਼ ''ਚ ਨੌਕਰੀ ਦਿਵਾਉਣ ਦੇ ਨਾਂ ''ਤੇ ਮਾਰੀ ਲੱਖਾਂ ਦੀ ਠੱਗੀ

01/22/2020 12:34:46 AM

ਵਲਟੋਹਾ, (ਗੁਰਮੀਤ)- ਵਿਦੇਸ਼ ’ਚ ਨੌਕਰੀ ’ਤੇ ਲਾ ਕੇ ਮੋਟੀਆਂ ਤਨਖ਼ਾਹਾਂ ਦਿਵਾਉਣ ਦਾ ਝਾਂਸਾ ਦੇ ਕੇ ਗਰੀਬ ਪਰਿਵਾਰ ਕੋਲੋਂ ਲੱਖਾਂ ਰੁਪਏ ਠੱਗਣ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।ਜਾਣਕਾਰੀ ਦਿੰਦਿਆਂ ਮਨਜੀਤ ਕੌਰ ਪਤਨੀ ਬੋਹਡ਼ ਸਿੰਘ ਵਾਸੀ ਚੀਮਾ ਖੁਰਦ ਨੇ ਦੱਸਿਆ ਕਿ ਉਸ ਦੀ ਸੁੱਖੀ ਨਾਮਕ ਔਰਤ ਨਾਲ ਜਾਣ-ਪਛਾਣ ਸੀ, ਜੋ ਕੁਝ ਸਮਾਂ ਪਹਿਲਾਂ ਆਪਣੇ ਭਰਾ ਸੱਤੇ ਨਾਲ ਸਾਡੇ ਘਰ ਆਈ ਅਤੇ ਕਿਹਾ ਕਿ ਅਸੀਂ ਤੁਹਾਡੀ ਲਡ਼ਕੀ ਨੂੰ ਵਿਦੇਸ਼ ਭੇਜ ਦਿੰਦੇ ਹਾਂ, ਜਿੱਥੇ ਇਸ ਨੂੰ ਚੰਗੀ ਤਨਖਾਹ ’ਤੇ ਕੰਮ ’ਤੇ ਲਗਾਵਾਂਗੇ। ਉਹ ਉਕਤ ਲੋਕਾਂ ਦੇ ਝਾਂਸੇ ’ਚ ਆ ਗਏ ਅਤੇ ਸੁੱਖੀ, ਸੱਤਾ ਆਪਣੇ ਨਾਲ ਟ੍ਰੈਵਲ ਏਜੰਟ ਸੁੱਖਾ ਸਿੰਘ ਨੂੰ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੇ 1 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ। ਅਸੀਂ ਇਨ੍ਹਾਂ ਨੂੰ ਪੂਰੇ ਪੈਸੇ ਦੇ ਦਿੱਤੇ ਅਤੇ ਉਕਤ ਲੋਕਾਂ ਨੇ ਸਾਡੀ ਲਡ਼ਕੀ ਨੂੰ ਦੋਹਾ ਕਤਰ ਭੇਜਣ ਦੀ ਬਜਾਏ ਦੁਬਈ ਭੇਜ ਦਿੱਤਾ ਜਿੱਥੇ ਉਸ ਦੀ ਲਡ਼ਕੀ ਨੂੰ ਕੋਈ ਨੌਕਰੀ ਨਹੀਂ ਦਿਵਾਈ ਸਗੋਂ ਬੰਦੀ ਬਣਾ ਕੇ ਰੱਖਿਆ ਗਿਆ। ਅਸੀਂ ਇਨ੍ਹਾਂ ਨਾਲ ਬਹੁਤ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਆਪਣਾ ਫੋਨ ਬਦਲ ਲਿਆ ਅਤੇ ਅਖੀਰ ਇਨ੍ਹਾਂ ਨੇ ਸਾਡੀ ਲਡ਼ਕੀ ਨੂੰ ਵਾਪਸ ਮੰਗਵਾਉਣ ਲਈ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਜਿਸ ’ਤੇ ਉਨ੍ਹਾਂ 32 ਹਜ਼ਾਰ ਰੁਪਏ ਦਿੱਤੇ ਤਾਂ ਟਿਕਟ ਕਰਵਾ ਕੇ ਉਸ ਦੀ ਲਡ਼ਕੀ ਵਾਪਸ ਭਾਰਤ ਆ ਗਈ ਅਤੇ ਸਾਰੀ ਹੱਡ-ਬੀਤੀ ਦੱਸੀ। ਪੀੜਤ ਪਰਿਵਾਰ ਨੇ ਕਿਹਾ ਕਿ ਉਕਤ ਲੋਕਾਂ ਨੇ ਮਿਲ ਕੇ ਸਾਡੇ ਨਾਲ ਠੱਗੀ ਮਾਰੀ ਹੈ ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸਾਡੇ ਪੈਸੇ ਵਾਪਸ ਦਿਵਾਏ ਜਾਣ ਅਤੇ ਦੋਸ਼ੀਆਂ ’ਤੇ ਕਾਰਵਾਈ ਕੀਤੀ ਜਾਵੇ।

ਕੀ ਕਹਿੰਦਾ ਹੈ ਟ੍ਰੈਵਲ ਏਜੰਟ ਸੁੱਖਾ ਸਿੰਘ

ਇਸ ਸਬੰਧੀ ਟ੍ਰੈਵਲ ਸੁੱਖਾ ਸਿੰਘ ਨੇ ਕਿਹਾ ਕਿ ਸਾਡਾ ਥਾਣਾ ਵਲਟੋਹਾ ਵਿਖੇ ਫੈਸਲਾ ਹੋਇਆ ਸੀ, ਜਿਸ ਅਨੁਸਾਰ ਮੈਂ ਇਨ੍ਹਾਂ ਦੇ 20 ਹਜ਼ਾਰ ਰੁਪਏ ਵਾਪਸ ਕਰਨੇ ਹਨ ਅਤੇ ਉਸ ਲਈ ਵੀ ਮੈਂ ਇਕਰਾਰ ਕੀਤਾ ਹੈ ਅਤੇ ਜਦੋਂ ਮੇਰਾ ਸਮਾਂ ਪੂਰਾ ਹੋਇਆ ਤਾਂ ਮੈਂ ਇਨ੍ਹਾਂ ਨੂੰ 20 ਹਜ਼ਾਰ ਰੁਪਏ ਦੇ ਦੇਵਾਂਗਾ ਪਰ ਇਨ੍ਹਾਂ ਵੱਲੋਂ ਜੋ ਸਾਨੂੰ 1 ਲੱਖ 80 ਹਜ਼ਾਰ ਰੁਪਏ ਦੇਣ ਦਾ ਦੋਸ਼ ਲਾਇਆ ਜਾ ਰਿਹਾ ਹੈ ਉਹ ਸਰਾਸਰ ਝੂਠ ਹੈ।

ਕੀ ਕਹਿੰਦੇ ਹਨ ਥਾਣਾ ਮੁਖੀ ਵਲਟੋਹਾ

ਥਾਣਾ ਵਲਟੋਹਾ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਦਾ ਹੈ। ਜੇਕਰ ਪੀੜਤ ਪਰਿਵਾਰ ਦੀ ਫੈਸਲੇ ਪ੍ਰਤੀ ਕੋਈ ਸੰਤੁਸ਼ਟੀ ਨਹੀਂ ਹੁੰਦੀ ਤਾਂ ਮੈਨੂੰ ਆ ਕੇ ਮਿਲ ਸਕਦੇ ਹਨ। ਕਿਸੇ ਨਾਲ ਵੀ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ।

Bharat Thapa

This news is Content Editor Bharat Thapa