ਨਸ਼ਾ, ਨਸ਼ੇਡ਼ੀ ਤੇ ਨੈੱਟਵਰਕ ਖਿਲਾਫ ਕਿੰਨਾ ਕਾਮਯਾਬ ਹੋਏ ਪ੍ਰਸ਼ਾਸਨ ਤੇ ਸਰਕਾਰ

11/14/2018 2:15:45 AM

 ਝਬਾਲ/ਬੀਡ਼ ਸਾਹਿਬ,   (ਲਾਲੂਘੁੰਮਣ)-  ਜਿਸ ਪੰਜਾਬ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਚਰਨ ਛੋਹ ਪ੍ਰਾਪਤ ਹੈ ’ਤੇ ਜਿਸ ਪੰਜਾਬ ਨੂੰ ਸੂਰਬੀਰਾਂ ’ਤੇ ਬਹਾਦਰਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅੱਜ ਉਸ ਪੰਜਾਬ ਦੇ ਲੋਕ ਇਸ ਸਮੇਂ ਨਸ਼ਿਆਂ ਦੀ ਦਲ-ਦਲ ’ਚ ਗਲਤਾਨ ਹੋ ਕੇ ਬਰਬਾਦੀ ਦੀ ਮੰਜ਼ਿਲ ਵੱਲ ਵੱਧ ਰਹੇ ਹਨ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ’ਚ ਇਸ ਸਮੇਂ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ ਅਤੇ ਇਸ ਛੇਵੇਂ ਦਰਿਆ ’ਚ ਪੰਜਾਬ ਦੀ ਨੌਜਵਾਨੀ ਵਹਿ ਕੇ ਬਰਬਾਦੀ ਦੇ ਰਾਹ ਪੈ ਚੁੱਕੀ ਹੈ। ਸਰਹੱਦੀ ਜ਼ਿਲਾ ਤਰਨਤਾਰਨ ਉਹ ਜ਼ਿਲਾ ਹੈ, ਜਿਸ ਨੂੰ ਅੱਤਵਾਦ ਦੇ ਕਾਲੇ ਦੌਰ ਦਾ ਸਭ ਤੋਂ ਵੱਧ ਸੰਤਾਪ ਹੰਢਾਉਣਾ ਪਿਆ ਹੈ, ਤੇ ਹੁਣ ਇਸ ਜ਼ਿਲੇ ਨੂੰ ‘ਚਿੱਟੇ’ ਦੀ ਮਾਰ ਨੇ ਬੁਰੀ ਤਰ੍ਹਾਂ ਝੰਜੋਡ਼ ਕੇ ਰੱਖ ਦਿੱਤਾ ਹੈ। ਸਵਾਲ ਇਹ ਹੈ ਕਿ ਜਿਸ ਕਾਂਗਰਸ ਪਾਰਟੀ ਨੇ ਸੂਬੇ ਦੀ ਸੱਤਾ ਇਸ ਵਾਅਦੇ ’ਤੇ ਪ੍ਰਾਪਤ ਕੀਤੀ ਹੈ ਕਿ ਉਹ ਸੱਤਾ ਸੰਭਾਲਦਿਆਂ 4 ਹਫਤਿਆਂ ’ਚ ਨਸ਼ਿਆਂ ਦਾ ਖਾਤਮਾ ਕਰ ਦੇਵੇਗੀ, ਕੀ ਉਹ 20 ਮਹੀਨਿਆਂ ਦੇ ਸ਼ਾਸਨ ਤੋਂ ਬਾਅਦ ਵੀ ਆਪਣੇ ਨਸ਼ਾ ਮੁਕਤੀ ਪੰਜਾਬ ਦੇ ਵਾਅਦੇ ਨੂੰ ਅਮਲੀਜਾਮਾ ਪਹਿਨਾਉਣ ਦੀ ਇਕ ਵੀ ਪੁਲਾਂਘ ਪੁੱਟਣ ’ਚ ਕਾਮਯਾਬ ਹੋਈ ਹੈ ਤੇ ਕੀ ਜ਼ਿਲਾ ਤਰਨਤਾਰਨ ਅੰਦਰ ਇਸ ਸਮੇਂ ਨਸ਼ਿਆਂ ਖਿਲਾਫ ਨਕੇਲ ਕੱਸੀ ਜਾ ਸਕੀ ਹੈ। ਇਨ੍ਹਾਂ ਸਾਰੇ ਸਵਾਲਾਂ ਦਾ ਜੇਕਰ ਸਮੁੱਚੇ ਤੌਰ ’ਤੇ ਲੇਖਾ-ਜੋਖਾ ਕੀਤਾ ਜਾਵੇ ਤਾਂ ਅਜਿਹਾ ਕੁਝ ਵੀ ਹੋਇਆ ਵਿਖਾਈ ਨਹੀਂ ਦੇ ਰਿਹਾ ਹੈ। ਸੱਤਾ ਦਾ ਬੇਸ਼ੱਕ ਨਿਜ਼ਾਮ ਬਦਲ ਗਿਆ ਹੈ ਪਰ ਜ਼ਿਲਾ ਤਰਨਤਾਰਨ ਨਸ਼ਿਆਂ ਦੀ ਦਲ-ਦਲ ’ਚੋਂ ਨਹੀਂ ਨਿਕਲ ਸਕਿਆ ਹੈ ਅਤੇ ਨਾ ਹੀ ਸਰਕਾਰ ਨਸ਼ਿਆਂ ਨੂੰ ਜਡ਼੍ਹ ਤੋਂ ਖਤਮ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ’ਚ ਸਫ਼ਲ ਹੁੰਦੀ ਦਿਖਾਈ ਦੇ ਰਹੀ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਮਾਝਾ ਖੇਤਰ ਦੇ 61 ਫੀਸਦੀ ਘਰ ਨਸ਼ਿਆਂ ਨੇ ਬਰਬਾਦ ਕਰਕੇ ਰੱਖ ਦਿੱਤੇ ਹਨ ਅਤੇ 15 ਤੋਂ 25 ਸਾਲ ਦੀ ਉਮਰ ਦੇ ਅੱਲਡ਼ ਉਮਰ ਦੇ ਨੌਜਵਾਨ ਵੱਖ-ਵੱਖ ਨਸ਼ਿਆਂ ਤੋਂ ਗ੍ਰਸਤ ਹਨ, ਭਾਂਵੇ ਕਿ ਸ਼ਰਾਬ ਨੂੰ ਇਕ ਰਵਾਇਤੀ ਨਸ਼ੇ ਵਜੋਂ ਵੇਖਿਆ ਜਾਂਦਾ ਹੈ ਪਰ ਜੇਕਰ ਅੰਕਡ਼ਿਆਂ ਵੱਲ ਝਾਤ ਮਾਰੀ ਜਾਵੇ ਤਾਂ ਇਕੱਲਾ ਅੰਮ੍ਰਿਤਸਰ ਇਕ ਅਜਿਹਾ ਜ਼ਿਲਾ ਹੈ, ਜਿਥੇ ਰੋਜ਼ਾਨਾ ਇਕ ਕਰੋਡ਼ ਰੁਪਏ ਦੀ ਸ਼ਰਾਬ ਪੀਤੀ ਜਾਂਦੀ ਹੈ। 
ਕਾਲਾ ਪੀਲੀਆ ’ਤੇ ਐੱਚ. ਆਈ. ਵੀ. ਨੇ ਪਸਾਰੇ ਪੈਰ
ਨੈਸ਼ਨਲ ਏਡਜ਼ ਕੰਟਰੋਲ ਸੋਸਾਇਟੀ ਮੁਤਾਬਕ ਟੀਕਿਆਂ (ਸੂਈ, ਸਰਿੰਜ) ਨਾਲ ਨਸ਼ਿਆਂ ਦਾ ਸੇਵਨ ਕਰਨ ਕਰਕੇ ਜ਼ਿਲਾ ਤਰਨਤਾਰਨ ਅੰਦਰ ਕਾਲਾ ਪੀਲੀਆ ਅਤੇ ਐੱਚ. ਆਈ. ਵੀ. ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ। ਇਨ੍ਹਾਂ ਬੀਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਦੀ ਗਿਣਤੀ ’ਚ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲੇ ਪਹਿਲੀ ਕਤਾਰ ’ਚ ਮੰਨੇ ਜਾ ਰਹੇ ਹਨ। ਜ਼ਿਲਾ ਤਰਨਤਾਰਨ ’ਚ ਪਿਛਲੇ ਦਿਨਾਂ ’ਚ ਕਈ ਦਰਜ਼ਨ ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ ਅਤੇ ਹਾਲਾਤ ਇਹ ਬਣ ਗਏ ਹਨ ਕਿ ਇਸ ‘ਚਿੱਟੇ’ ਨੇ ਲੋਕਾਂ ਦੇ ਘਰਾਂ ’ਚ ‘ਚਿੱਟੇ ਸੱਥਰ’ ਵਿੱਛਾ ਕੇ ਰੱਖ ਦਿੱਤੇ ਹਨ। 

ਕੀ ਕਹਿੰਦੇ ਹਨ ਸਰਕਾਰੀ ਅੰਕਡ਼ੇ
ਸਰਕਾਰੀ ਅੰਕਡ਼ਿਆਂ ਮੁਤਾਬਕ 2.77 ਕਰੋਡ਼ ਦੀ ਆਬਾਦੀ ਵਾਲੇ ਪੰਜਾਬ ’ਚ 68.82 ਫੀਸਦੀ ਲੋਕ ਪਿੰਡਾਂ ’ਚ ਵੱਸਦੇ ਹਨ। ਪਿੰਡਾਂ ’ਚ ਵੱਸਦੇ ਇਨ੍ਹਾਂ ਲੋਕਾਂ ’ਚ 21.45 ਫੀਸਦੀ ਲੋਕ ਭੁੱਕੀ, 20.41  ਫੀਸਦੀ ਲੋਕ ਮੈਡੀਕਲ ਡਰੱਗ, 8.65 ਫੀਸਦੀ ਲੋਕ ਨਸ਼ੀਲੇ ਟੀਕਿਆਂ ਦਾ ਨਸ਼ਾ, ਜਦ ਕਿ 4.85 ਫੀਸਦੀ ਲੋਕ ਚਰਸ ਵਰਗੇ ਨਸ਼ੇ ਦਾ ਸੇਵਨ ਕਰਦੇ ਹਨ। ਯੂ. ਐੱਨ. ਓ. ਦੇ ਅੰਕਡ਼ੇ ਵੱਲ ਝਾਤ ਮਾਰੀ ਜਾਵੇ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ’ਚ ਚੰਡੀਗਡ਼੍ਹ ਅਤੇ ਹਰਿਆਣਾ ਨਾਲੋਂ 3 ਗੁਣਾ ਨਸ਼ੇਡ਼ੀਆਂ ਦੀ ਗਿਣਤੀ ਵੱਧ ਹੈ। ਨਸ਼ਿਆਂ ਦਾ ਸੇਵਨ ਕਰਨ ਕਰਕੇ ਪੰਜਾਬ ਦੇ ਲੋਕ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ ’ਤੇ ਬੁਰੀ ਤਰ੍ਹਾਂ ਖੋਖਲੇ ਹੋ ਰਹੇ ਹਨ।