ਹਸਪਤਾਲ ਮੈਨੇਜਮੈਂਟ ਮਰੀਜ਼ਾਂ ਨੂੰ ਕਰ ਰਿਹਾ ਪ੍ਰੇਸ਼ਾਨ : ਰਛਪਾਲ ਸਿੰਘ

05/28/2017 6:23:45 PM

ਅੰਮ੍ਰਿਤਸਰ, (ਸੂਰੀ) - ਨਈਅਰ ਹਸਪਤਾਲ ਵਿਖੇ ਦਾਖਲ ਮਾਤਾ ਦਲਜੀਤ ਕੌਰ ਨਾਲ ਉਨ੍ਹਾਂ ਦੇ ਬੇਟੇ ਰਛਪਾਲ ਸਿੰਘ ਜਨਰਲ ਸੈਕਟਰੀ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਨੇ ਹਸਪਤਾਲ ਦੀ ਮੈਨੇਜਮੈਂਟ ਅਤੇ ਪ੍ਰਸ਼ਾਸਨ 'ਤੇ ਮਰੀਜ਼ਾਂ ਨੂੰ ਦੋਹੀਂ ਹੱਥੀਂ ਲੁੱਟਣ ਦਾ ਦੋਸ਼ ਲਾਇਆ। ਰਛਪਾਲ ਸਿੰਘ ਪੁੱਤਰ ਹਰਭਜਨ ਸਿੰਘ, ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨਰਿੰਦਰ ਭਵਨ, ਲਖਵਿੰਦਰ ਸਿੰਘ ਠੇਕੇਦਾਰ ਭਿੱਖੀਵਿੰਡ, ਜਗਜੀਤ ਸਿੰਘ ਕਲਸੀ, ਬੀ. ਸੀ. ਵਿੰਗ ਦੇ ਚੇਅਰਮੈਨ ਸੁਖਪਾਲ ਸਿੰਘ ਗਾਬੜੀਆ ਆਦਿ ਨੇ ਦੱਸਿਆ ਕਿ ਅਸੀਂ ਆਪਣੇ ਮਰੀਜ਼ ਮਾਤਾ ਦਲਜੀਤ ਕੌਰ ਨੂੰ 21 ਮਈ ਨੂੰ ਛਾਤੀ ਦੀ ਬਲਗਮ ਅਤੇ ਸਾਹ ਦੀ ਮੁਸ਼ਕਿਲ ਕਾਰਨ ਇਥੇ ਲਿਆਂਦਾ ਸੀ ਪਰ ਇਨ੍ਹਾਂ ਨੇ ਆਈ. ਸੀ. ਯੂ. 'ਚ ਦਾਖਲ ਕਰ ਲਿਆ ਅਤੇ ਸਾਨੂੰ ਇਨ੍ਹਾਂ ਨੇ ਇਕ ਦਿਨ ਦਾ ਆਈ. ਸੀ. ਯੂ. ਦਾ ਬਿੱਲ 6 ਹਜ਼ਾਰ ਰੁਪਏ ਦਿੱਤਾ। ਆਈ. ਸੀ. ਯੂ. 'ਚ ਗੱਦੇ, ਮੈਡੀਕਲ ਅਫਸਰ, ਸਿਸਟਰ, ਵੈਂਟੀਲੇਟਰ ਅਤੇ ਹੋਰ ਸਭ ਤਰ੍ਹਾਂ ਦੇ ਵੱਖਰੇ ਚਾਰਜ ਲਏ ਜਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ ਅਤੇ ਸਾਨੂੰ ਮਜਬੂਰੀਵੱਸ ਮੀਡੀਆ ਨੂੰ ਬੁਲਾਉਣਾ ਪਿਆ ਹੈ।  ਉਨ੍ਹਾਂ ਪੱਤਰਕਾਰਾਂ ਨੂੰ ਹਸਪਤਾਲ ਦੇ ਉਹ ਬਿੱਲ ਵੀ ਦਿਖਾਏ, ਜਿਨ੍ਹਾਂ 'ਚ ਇਕ ਦਿਨ ਦਾ 14950 ਤੋਂ 18560 ਰੁਪਏ ਬਿੱਲ ਦਰਸਾਇਆ ਹੋਇਆ ਹੈ ਅਤੇ ਬਾਅਦ 'ਚ ਬਿੱਲ ਘਟਾ ਦਿੱਤਾ ਗਿਆ। ਮਾਮਲਾ ਉਲਝਦਾ ਦੇਖ ਕੇ ਡਾ. ਮਨਦੀਪ ਨੇ ਮੌਕੇ 'ਤੇ ਆ ਕੇ ਆਪਣੀ 5 ਹਜ਼ਾਰ ਫੀਸ ਛੱਡਣ ਲਈ ਕਿਹਾ। ਜਦੋਂ ਹਸਪਤਾਲ ਦੇ ਐੱਮ. ਡੀ. ਨੂੰ ਪਹਿਲਾਂ ਵੱਧ ਬਿੱਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਗਲਤੀ ਨਾਲ ਹੋ ਗਿਆ। ਡਾਕਟਰ ਦੀ ਫੀਸ ਛੱਡਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਾਡੇ ਦੋਵਾਂ ਦਾ ਮਾਮਲਾ ਹੈ।