ਹੁਣ ਪੰਜਾਬ ''ਚ ਫਿਰ ਵਾਹਨਾਂ ''ਤੇ ਲੱਗੇਗੀ ਹਾਈ ਸਕਿਓਰਿਟੀ ਨੰਬਰ ਪਲੇਟ

04/23/2019 1:12:44 AM

ਗੁਰਦਾਸਪੁਰ, (ਵਿਨੋਦ)— ਪੰਜਾਬ 'ਚ ਹੁਣ ਫਿਰ ਤੋਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਹਨਾਂ 'ਤੇ ਲਾਉਣੀ ਜ਼ਰੂਰੀ ਹੋਵੇਗੀ। ਜਿਹੜੀ ਕੁਝ ਸਾਲਾਂ ਤੋਂ ਬੰਦ ਪਈ ਸੀ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ ਅਨੁਸਾਰ ਅੱਜ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਵੱਲੋਂ ਇਹ ਕੰਮ ਵਿਧੀਪੂਰਵਕ ਸ਼ੁਰੂ ਕੀਤਾ ਗਿਆ। ਰਿਜਨਲ ਟਰਾਂਸਪੋਰਟ ਅਥਾਰਟੀ ਅਧਿਕਾਰੀ ਬਲਦੇਵ ਸਿੰਘ ਰੰਧਾਵਾ ਨੇ ਸਥਾਨਕ ਜੇਲ ਰੋਡ 'ਤੇ ਪੁੱਡਾ ਕਾਲੋਨੀ ਦੇ ਬਾਹਰ ਇਹ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਸਬੰਧੀ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਸਬੰਧੀ ਕੇਸ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੱਲ ਰਿਹਾ ਸੀ। ਇਸ ਕੇਸ ਨੂੰ ਐਗਰੋਟੇਕ ਕੰਪਨੀ ਨੇ ਜਿੱਤ ਲਿਆ ਹੈ ਤੇ ਹੁਣ ਫਿਰ ਤੋਂ ਪੂਰੇ ਪੰਜਾਬ 'ਚ ਇਹ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲਾ ਗੁਰਦਾਸਪੁਰ 'ਚ ਵੀ ਹੁਣ ਸਾਰੇ ਨਵੇਂ-ਪੁਰਾਣੇ ਵਾਹਨਾਂ ਨੂੰ ਇਹ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣੀ ਜ਼ਰੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਵਾਹਨ ਰਜਿਸਟ੍ਰੇਸ਼ਨ ਦਾ ਕੰਮ ਵੀ ਵਾਹਨ ਵੇਚਣ ਵਾਲੀ ਏਜੰਸੀਆਂ ਆਨਲਾਈਨ ਅਪਲਾਈ ਕਰਦੀਆਂ ਹਨ ਤੇ ਜਿਹੜਾ ਵੀ ਨੰਬਰ ਏਜੰਸੀ ਤੋਂ ਮਿਲੇਗਾ ਉਹੀ ਨੰਬਰ ਹਾਈ ਸਕਿਓਰਿਟੀ ਪਲੇਟ ਦਾ ਲੱਗਿਆ ਹੋਵੇਗਾ। ਹੁਣ ਜਿਨੇ ਵੀ ਪੁਰਾਣੇ ਵਾਹਣ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਸੜਕਾਂ 'ਤੇ ਚੱਲ ਰਹੇ ਹਨ। ਉਨ੍ਹਾਂ ਨੂੰ ਵੀ ਇਹ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣੀ ਹੋਵੇਗੀ।
ਇਸ ਸਬੰਧੀ ਦੋ-ਪਹੀਆ ਵਾਹਨ ਲਈ 122 ਰੁਪਏ, ਪੈਸੰਜਰ ਗੁਡਸ ਵਾਹਨ ਲਈ 166 ਤੇ ਲਾਈਟ ਮੋਟਰ ਵਹੀਕਲ ਲਈ 359, ਟਰੈਕਟਰ ਦੇ ਲਈ 122 ਤੇ ਬੱਸ ਤੇ ਟਰੱਕ ਦੀ ਪਲੇਟ ਲਈ 383 ਰੁਪਏ ਅਦਾ ਕਰਨੇ ਹੋਣਗੇ। ਜੇਕਰ ਕੋਈ ਏਜੰਸੀ ਇਸ ਤੋਂ ਜ਼ਿਆਦਾ ਪੈਸੇ ਲੈਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

KamalJeet Singh

This news is Content Editor KamalJeet Singh