ਡੇਂਗੂ ਤੇ ਚਿਕਨਗੁਨੀਆ ’ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਅਲਰਟ, 46 ਟੀਮਾਂ ਦਾ ਗਠਨ

09/15/2023 11:00:09 AM

ਅੰਮ੍ਰਿਤਸਰ (ਦਲਜੀਤ)- ਡੇਂਗੂ ਅਤੇ ਚਿਕਨਗੁਨੀਆ ਫੈਲਾਉਣ ਵਾਲਾ ਮੱਛਰ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਹ ਬੀਮਾਰੀ ਇੰਨੀ ਭਿਆਨਕ ਹੈ ਕਿ ਠੀਕ ਹੋਣ ਤੋਂ ਬਾਅਦ ਵੀ ਮਰੀਜ਼ ਦੋ-ਦੋ ਮਹੀਨਿਆਂ ਤੱਕ ਜੋੜਾਂ ਦੇ ਦਰਦ ਨਾਲ ਜੂਝਦਾ ਰਹਿੰਦਾ ਹੈ। ਡੇਂਗੂ ਅਤੇ ਚਿਕਨਗੁਨੀਆ ਲਈ ਲੋਕਾਂ ਦੇ ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਲੋਕ ਕਾਫ਼ੀ ਚਿੰਤਤ ਹਨ, ਕਿਉਂਕਿ ਲੱਛਣ ਉਕਤ ਬੀਮਾਰੀਆਂ ਦੇ ਸਾਮਾਨ ਹਨ। ਉਕਤ ਬੀਮਾਰੀਆਂ ਦੇ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਜ਼ਿਲੇ ਵਿਚ ਹਾਟ-ਸਪਾਟ ਸੈਂਟਰ ਬਣਾਏ ਹਨ ਅਤੇ ਵਿਭਾਗ ਵੱਲੋਂ ਜ਼ਿਲ੍ਹੇ ਵਿਚ 46 ਟੀਮਾਂ ਦਾ ਗਠਨ ਕਰ ਕੇ ਵਾਇਰਸ ਫੈਲਾਉਣ ਵਾਲੇ ਮੱਛਰਾਂ ਦੇ ਖਾਤਮੇ ਲਈ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਦਿਖਾਈ ਦੇਣ ’ਤੇ ਘਬਰਾਉਣ ਦੀ ਲੋੜ ਨਹੀਂ ਹੈ, ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਮੁਫ਼ਤ ਇਲਾਜ ਦਾ ਲਾਭ ਉਠਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਬਾਕਸਿੰਗ ਖਿਡਾਰਨ ਨਾਲ ਸਰੀਰਕ ਸੰਬੰਧ ਬਣਾਉਣ ਮਗਰੋਂ ਕਰਵਾ 'ਤਾ ਗਰਭਪਾਤ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਾਣਕਾਰੀ ਅਨੁਸਾਰ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ, ਜਿਸ ਕਾਰਨ ਕਈ ਥਾਵਾਂ ’ਤੇ ਬਿਨ੍ਹਾਂ ਯੋਗਤਾ ਵਾਲੇ ਨੀਮ ਹਕੀਮ ਪੈਸੇ ਕਮਾਉਣ ਦੇ ਚੱਕਰ ਵਿਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਟੈਸਟ ਕਰਵਾਏ ਬਿਨਾਂ ਮਰੀਜ਼ਾਂ ਨੂੰ ਦਹਿਸ਼ਤ ਵਿਚ ਪਾ ਰਹੇ ਹਨ। ਉਨ੍ਹਾਂ ਦੇ ਸਰੀਰ ਦੇ ਸੈੱਲ ਅਤੇ ਹੋਰ ਟੈਸਟ ਠੀਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਦਾਖਲ ਕਰ ਕੇ ਮੋਟੀ ਕਮਾਈ ਕਰ ਰਹੇ ਹਨ। ਡੇਂਗੂ ਅਤੇ ਚਿਕਨਗੁਨੀਆ ਲਈ ਜ਼ਿਆਦਾਤਰ ਲੋਕਾਂ ਦੇ ਟੈਸਟ ਨੈਗੇਟਿਵ ਆ ਰਹੇ ਹਨ, ਪਰ ਉਕਤ ਬੀਮਾਰੀ ਦੇ ਮੁੱਖ ਲੱਛਣਾਂ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਮਰੀਜ਼ ਇਨ੍ਹਾਂ ਬੀਮਾਰੀਆਂ ਤੋਂ ਠੀਕ ਹੋ ਚੁੱਕੇ ਹਨ ਅਤੇ ਦੋ-ਦੋ ਮਹੀਨਿਆਂ ਤੋਂ ਸਰੀਰ ਦੇ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਉਕਤ ਬੀਮਾਰੀਆਂ ਦੇ ਲੱਛਣਾਂ ਦੀ ਸੂਰਤ ਵਿਚ ਤੁਰੰਤ ਸਰਕਾਰੀ ਹਸਪਤਾਲਾਂ ਵਿਚ ਆਪਣਾ ਮੁਫ਼ਤ ਟੈਸਟ ਕਰਵਾਉਣ।

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਡੇਂਗੂ ਦੇ ਕੇਸਾਂ ਅਤੇ ਚਿਕਨਗੁਨੀਆ ਪਿਛਲੇ ਸਾਲ ਨਾਲੋਂ ਬਹੁਤ ਘੱਟ ਹਨ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਡੇਂਗੂ ਦਾ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ, ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਜੋ ਹਾਟ-ਸਪਾਟ ਸੈਂਟਰ ਬਣਾਇਆ ਗਿਆ ਹੈ, ਉਹ ਅਜਿਹਾ ਹੈ ਜਿੱਥੇ ਡੇਂਗੂ ਅਤੇ ਚਿਕਨਗੁਨੀਆ ਦੇ ਤਿੰਨ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਮਰੀਜ਼ ਠੀਕ ਹੋਣ ’ਤੇ ਇਹ ਹਾਟਸਪਾਟ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਜਦੋਂ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਕੇਂਦਰਾਂ ਨੂੰ ਹਾਟਸਪਾਟ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਕਰਵਾਉਣ। ਸਿਹਤ ਵਿਭਾਗ ਵੱਲੋਂ ਉਕਤ ਬਿਮਾਰੀਆਂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਸਿਹਤ ਵਿਭਾਗ ਲੋਕਾਂ ਨੂੰ ਕਰ ਰਿਹੈ ਜਾਗਰੂਕ

ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 46 ਟੀਮਾਂ ਦਾ ਗਠਨ ਕਰ ਕੇ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਦੀ ਟੀਮ ਘਰ-ਘਰ ਜਾ ਕੇ ਮੱਛਰਾਂ ਤੋਂ ਫੈਲਣ ਵਾਲੇ ਲਾਰਵੇ ਦੀ ਚੈਕਿੰਗ ਕਰ ਰਹੀ ਹੈ ਅਤੇ ਜਿੱਥੇ ਕਿਤੇ ਵੀ ਇਹ ਲਾਰਵੇ ਪਾਏ ਜਾਂਦੇ ਹਨ, ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ ਸਬੰਧਿਤ ਇਲਾਕੇ ਵਿਚ ਫੋਗਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਕਤ ਬਿਮਾਰੀਆਂ ਲਈ ਵਿਸ਼ੇਸ਼ ਵਾਰਡਾਂ ਬਣਾਈਆ ਗਈਆ ਹਨ ਅਤੇ ਸਟਾਫ਼ 24 ਘੰਟੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜ 'ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ

ਦਹਿਸ਼ਤ ਫੈਲਾਉਣ ਵਾਲੇ ਪ੍ਰਾਈਵੇਟ ਡਾਕਟਰ ਅਤੇ ਹਸਪਤਾਲ ਹੋ ਜਾਣ ਸਾਵਧਾਨ

ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਦਿਖਾਈ ਦੇਣ ’ਤੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬਹੁਤ ਸਾਰੇ ਡਾਕਟਰ ਅਤੇ ਹਸਪਤਾਲ ਮਰੀਜ਼ ਦੇ ਸੈੱਲ ਠੀਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਦਾਖਲ ਕਰ ਲੈਂਦੇ ਹਨ ਪਰ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਹਜ਼ਾਰ ਤੋਂ ਘੱਟ ਸੈਲ ਹੋਣ ’ਤੇ ਹੀ ਮਰੀਜ਼ ਦੀ ਹਾਲਤ ਨਾਜ਼ੁਕ ਹੁੰਦੀ ਹੈ ਜਾਂ ਖ਼ੂਨ ਵਹਿਣ ਕਾਰਨ ਮਰੀਜ਼ ਨੂੰ ਦਾਖ਼ਲ ਹੋਣ ਦੀ ਜ਼ਰੂਰਤ ਪੈਦੀ ਹੈ। ਜਦਕਿ ਮਾਮੂਲੀ ਲੱਛਣਾਂ ਦੀ ਸੂਰਤ ਵਿੱਚ ਮਰੀਜ਼ ਨੂੰ ਦਵਾਈ ਨਾਲ ਹੀ ਰਾਹਤ ਮਿਲ ਜਾਂਦੀ ਹੈ। ਡਾ. ਹਰਜੋਤ ਕੌਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਦੀ ਟੀਮ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਉਨ੍ਹਾਂ ਦੇ ਬੁਖਾਰ ਦੀ ਜਾਂਚ ਕਰ ਰਹੀ ਹੈ।ਉਹ ਖੁਦ ਵੀ ਹਰ ਰੋਜ਼ ਫੀਲਡ ਵਿੱਚ ਜਾ ਕੇ ਰਿਪੋਰਟ ਲੈ ਰਹੇ ਹਨ।

ਡੇਂਗੂ ਅਤੇ ਚਿਕਨਗੁਨੀਆ ਦੇ ਪਾਜ਼ੇਟਿਵ ਮਰੀਜ਼ਾਂ ਦਾ ਡਾਟਾ ਨਾ ਦੇਣ ਵਾਲੇ ਡਾਕਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਜ਼ਮੀਨੀ ਪੱਧਰ ’ਤੇ ਕੰਮ ਕਰ ਰਿਹਾ ਹੈ। ਵਿਭਾਗ ਨੇ ਪਹਿਲਾਂ ਇਹ ਵੀ ਪੱਤਰ ਜਾਰੀ ਕੀਤਾ ਹੈ ਕਿ ਜੇਕਰ ਕੋਈ ਪ੍ਰਾਈਵੇਟ ਡਾਕਟਰ ਜਾਂ ਹਸਪਤਾਲ ਵਿਚ ਉਕਤ ਬੀਮਾਰੀ ਦਾ ਕੇਸ ਕਿਵੇਂ ਪਤਾ ਲੱਗਦਾ ਹੈ ਜਿਸ ਦਾ ਉਹ ਇਲਾਜ ਕਰ ਰਹੇ ਹਨ ਅਤੇ ਉਸ ਦਾ ਟੈਸਟ ਪਾਜ਼ੇਟਿਵ ਆਉਂਦਾ ਹੈ ਤਾਂ ਤੁਰੰਤ ਇਸ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।                                   

ਇਹ ਵੀ ਪੜ੍ਹੋ-  CM ਮਾਨ ਤੇ ਕੇਜਰੀਵਾਲ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕੀਤੇ ਕਈ ਵੱਡੇ ਐਲਾਨ

ਜ਼ਿਲਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਚੌਕਸ ਹੈ। ਉਨ੍ਹਾਂ ਦੱਸਿਆ ਕਿ ਅੱਜ ਡੇਂਗੂ ਦੇ 16 ਕੇਸ ਪਾਜ਼ੇਟਿਵ ਆਏ ਹਨ ਜਦਕਿ ਹੁਣ ਤੱਕ 320 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਅੱਜ ਚਿਕਨਗੁਨੀਆ ਦੇ 13 ਮਾਮਲੇ ਸਾਹਮਣੇ ਆਏ ਹਨ ਜਦਕਿ ਹੁਣ ਤੱਕ 318 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਵਿਟਾਮਿਨ ਸੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਗਰੂਕਤਾ ਨਾਲ ਹੀ ਡੇਂਗੂ ਮੱਛਰ ਦਾ ਖਾਤਮਾ ਹੋ ਸਕਦਾ ਹੈ।

ਡੇਂਗੂ ਅਤੇ ਚਿਕਨਗੁਨੀਆ ਦੇ ਇਹ ਹਨ ਮੁੱਖ ਲੱਛਣ

ਸਿਹਤ ਸੇਵਾਵਾਂ ਦੇ ਮਾਹਿਰ ਡਾਕਟਰ ਰਜਨੀਸ਼ ਸ਼ਰਮਾ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਦੀ ਜਾਂਚ ਅਤੇ ਇਲਾਜ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ, ਇਹ ਮੱਛਰ ਸਾਫ਼ ਪਾਣੀ ਵਿੱਚ ਆਪਣਾ ਵਾਇਰਸ ਫੈਲਾਉਂਦਾ ਹੈ। ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਸਫਾਈ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਇੱਕੋ ਜਿਹੇ ਹਨ, ਜਿਨ੍ਹਾਂ ਮਰੀਜ਼ਾਂ ਨੂੰ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਉਲਟੀਆਂ, ਥਕਾਵਟ ਮਹਿਸੂਸ, ਚਮੜੀ ’ਤੇ ਦਾਣੇ ਅਤੇ ਹਾਲਤ ਵਿਗੜ ’ਤੇ ਨੱਕ ਵਿੱਚੋਂ ਖੂਨ ਵਗ , ਮੂੰਹ ਅਤੇ ਮਸੂੜੇ ਤੋਂ ਖੂਨ ਵੱਗਣਾ ਅਜਿਹੇ ਲੱਛਣ ਹੋਣ ’ਤੇ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan